ਮੰਤਰੀ ਸੌਂਦ ਭਗਤ ਨਾਮਦੇਵ ਜੀ ਦੇ ਪ੍ਰਗਟ ਦਿਵਸ ਸਮਾਗਮ 'ਚ ਹੋਏ ਸ਼ਾਮਲ
ਖੰਨਾ, (ਲੁਧਿਆਣਾ), 3 ਨਵੰਬਰ (ਹਿੰ. ਸ.)। ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ, ਪ੍ਰਾਹੁਣਚਾਰੀ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਤਰੁਨਪ੍ਰੀਤ ਸਿੰਘ ਸੌਂਦ ਗੁਰਦੁਆਰਾ ਸ਼੍ਰੋਮਣੀ ਭਗਤ ਨਾਮਦੇਵ ਜੀ ਖੰਨਾ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਪ੍ਰਗਟ ਦਿਵਸ ਸਬੰਧੀ ਹੋਏ ਸਮਾਗਮ ਵਿਚ ਵਿਸ਼ੇਸ
,


ਖੰਨਾ, (ਲੁਧਿਆਣਾ), 3 ਨਵੰਬਰ (ਹਿੰ. ਸ.)।

ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ, ਪ੍ਰਾਹੁਣਚਾਰੀ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਤਰੁਨਪ੍ਰੀਤ ਸਿੰਘ ਸੌਂਦ ਗੁਰਦੁਆਰਾ ਸ਼੍ਰੋਮਣੀ ਭਗਤ ਨਾਮਦੇਵ ਜੀ ਖੰਨਾ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਪ੍ਰਗਟ ਦਿਵਸ ਸਬੰਧੀ ਹੋਏ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਪ੍ਰਗਟ ਦਿਵਸ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਪ੍ਰਗਟ ਦਿਵਸ ਹੈ ਜੋ ਕਿ ਦੇਸ਼ ਭਰ, ਪੰਜਾਬ ਵਿੱਚ ਅਤੇ ਸਾਡੇ ਸ਼ਹਿਰ ਖੰਨਾ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਭਗਤ ਨਾਮਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੇ ਹਾਂ ਉਦੋਂ ਨਾਲ ਹੀ ਭਗਤ ਨਾਮਦੇਵ ਜੀ ਨੂੰ ਮੱਥਾ ਟੇਕਦੇ ਹਾਂ। ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਰਾਹੀਂ ਸਾਨੂੰ ਸਮਝਾਇਆ ਕਿ ਆਪਣੇ ਰੋਜ਼ਾਨਾ ਦੇ ਕੰਮਕਾਜ ਕਰਦਿਆਂ ਆਪਣੀ ਰਸਨਾ ਨਾਲ ਪ੍ਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅਧਿਆਤਮਕ ਮਾਰਗ ਦੇ ਲਈ ਭਗਤ ਨਾਮਦੇਵ ਜੀ ਨੇ ਪਰਮਾਤਮਾ, ਗੁਰੂ ਅਤੇ ਨਾਮ ਸਿਮਰਨ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਹੈ। ਸਰਵ-ਵਿਆਪੀ ਪਰਮਾਤਮਾ ਦੇ ਵਿਚ ਵਿਸ਼ਵਾਸ ਰੱਖਣਾ, ਸੱਚੇ ਗੁਰੂ ਦੇ ਲੜ ਲੱਗਣਾ ਤੇ ਦਿਨ-ਰਾਤ ਪਰਮਾਤਮਾ ਦੇ ਸਿਮਰਨ ਵਿਚ ਲੀਨ ਰਹਿਣਾ ਇਕ ਭਗਤ ਦੀ ਸਫ਼ਲਤਾ ਲਈ ਜ਼ਰੂਰੀ ਪੱਖ ਹਨ। ਭਗਤ ਨਾਮਦੇਵ ਜੀ ਨੇ ਮਨੁੱਖ ਨੂੰ ਬੁਰੇ ਕਰਮਾਂ ਤੋਂ ਦੂਰ ਰਹਿਣ ਤੇ ਸੱਚ ਦੇ ਮਾਰਗ 'ਤੇ ਚੱਲਣ ਦਾ ਉਪਦੇਸ਼ ਦਿੱਤਾ। ਭਗਤ ਨਾਮਦੇਵ ਜੀ ਨੇ 13ਵੀਂ ਸਦੀ ਦੇ ਵਿਚ ਨੀਵੀਂ ਜਾਤ ਵਿਚ ਜਨਮ ਲੈ ਕੇ ਵੀ, ਜਦੋਂ ਕਿ ਨੀਵੀਂ ਜਾਤ ਵਾਲਿਆਂ ਨੂੰ ਪਰਮਾਤਮਾ ਦੀ ਭਗਤੀ ਕਰਨ ਤੋਂ ਵਾਂਝਿਆਂ ਹੀ ਰੱਖਿਆ ਜਾਂਦਾ ਸੀ, ਉਸ ਸਮੇਂ ਉਹਨਾਂ ਨੇ ਪਰਮਾਤਮਾ ਦੀ ਭਗਤੀ ਕਰਕੇ ਉਚੇਰੀ ਪਦਵੀ ਹਾਸਿਲ ਕੀਤੀ ਹੈ। ਜਿਸ ਬਾਰੇ ਗੁਰਬਾਣੀ ਫੁਰਮਾਣ ਵੀ ਹੈ 'ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ' ਸਦਕਾ ਇਹ ਦ੍ਰਿੜ ਕਰਵਾਇਆ ਕਿ ਪਰਮਾਤਮਾ ਕਿਸੇ ਉੱਚੀ ਜਾਂ ਨੀਵੀਂ ਜਾਤ ਵਾਲੇ ਨੂੰ ਨਹੀਂ ਮਿਲਦਾ, ਸਗੋਂ ਜੋ ਇਨਸਾਨ ਸੱਚੇ ਮਨ ਨਾਲ ਭਜਨ-ਬੰਦਗੀ ਕਰਦਾ ਹੈ, ਉਸ ਨੂੰ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਉਹਨਾਂ ਦਾ ਜੀਵਨ ਕਿੰਨਾ ਸੱਚਾ-ਸੁੱਚਾ ਤੇ ਸੋਚ ਕਿੰਨੀ ਨਿਰਮਲ ਸੀ ਕਿ ਅੱਠ ਸਦੀਆਂ ਪਹਿਲਾਂ ਉਹਨਾਂ ਨੇ ਸੱਚ ਦਾ ਸੁਨੇਹਾ ਦਿੱਤਾ ਹੈ, ਅਜਿਹਾ ਸੱਚ ਜਿਹੜਾ ਸਦੀਵ ਕਾਲ ਦੇ ਲਈ ਮਨੁੱਖ ਦੇ ਕੰਮ ਆਉਣ ਵਾਲਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਭਗਤ ਨਾਮਦੇਵ ਜੀ ਦੇ 18 ਰਾਗਾਂ ਦੇ ਵਿਚ 61 ਸ਼ਬਦ ਦਰਜ ਹਨ। ਲੋੜ ਹੈ, ਅਜਿਹੇ ਮਹਾਂਪੁਰਖਾਂ ਦੇ ਵਿਚਾਰਾਂ ਦਾ ਪ੍ਰਸਾਰ ਕਰਨ ਦੀ, ਤਾਂ ਜੋ ਸਮਾਜ ਵਿਚ ਸ਼ਾਂਤੀ ਤੇ ਸਥਿਰਤਾ ਪੈਦਾ ਕਰ ਸਕੀਏ। ਊਚ-ਨੀਚ, ਜਾਤ-ਪਾਤ, ਫ਼ਿਰਕਾ-ਪ੍ਰਸਤੀ ਦੇ ਭੇਦ-ਭਾਵ ਦੂਰ ਕਰ ਸਕੀਏ। ਸਾਰੀ ਮਨੁੱਖਤਾ ਦਾ ਇਕ ਸਾਂਝਾ ਰੱਬ ਤੇ ਭਾਈਚਾਰਾ ਸਥਾਪਿਤ ਕਰ ਸਕੀਏ। ਭਗਤ ਜੀ ਦੀ ਬਾਣੀ ਦਾ ਮੁੱਖ ਉਦੇਸ਼ ਹੀ ਮਾਨਵ ਕਲਿਆਣ ਸੀ।

ਸੌਂਦ ਨੇ ਕਿਹਾ ਕਿ ਖੰਨੇ ਵਿੱਚ ਇਸ ਅਸਥਾਨ ਉੱਤੇ ਹਰ ਸਾਲ ਭਗਤ ਨਾਮਦੇਵ ਜੀ ਦੇ ਨਾਮ 'ਤੇ ਬਣੇ ਇਸ ਗੁਰਦੁਆਰਾ ਸਾਹਿਬ ਵਿੱਚ ਬਹੁਤ ਵੱਡਾ ਸਮਾਗਮ ਹੁੰਦਾ ਹੈ। ਸਮੁੱਚੀ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਉਪਰਾਲਾ ਹੈ। ਹਜ਼ਾਰਾਂ ਸੰਗਤਾਂ ਨੇ ਇਸ ਅਸਥਾਨ 'ਤੇ ਪਹੁੰਚ ਕੇ ਭਗਤ ਨਾਮਦੇਵ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਹੈ। ਇਹ ਅਸਥਾਨ ਬਹੁਤ ਪੁਰਾਤਨ ਹੈ ਜੋ ਕਿ ਸਾਡੇ ਪੁਰਖਿਆਂ ਤੋਂ ਚਲਿਆ ਆ ਰਿਹਾ ਹੈ। ਇੱਥੇ ਸੰਗਤਾਂ ਨਤਮਸਤਕ ਹੋ ਕੇ ਭਗਤ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਮਾਣ ਸਨਮਾਨ ਦਿੱਤਾ ਹੈ।

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ 5 ਲੱਖ ਰੁਪਏ ਦੀ ਰਾਸ਼ੀ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਅਸਥਾਨ 'ਤੇ ਜੋ ਭਵਨ ਉਸਾਰੀ ਚੱਲ ਰਹੀ ਹੈ ਉਸ ਲਈ ਦੇਣ ਦਾ ਵੀ ਐਲਾਨ ਕੀਤਾ।

ਗੁਰਦੁਆਰਾ ਸ਼੍ਰੀ ਭਗਤ ਨਾਮਦੇਵ ਜੀ ਖੰਨਾ ਦੀ ਪ੍ਰਬੰਧਕ ਕਮੇਟੀ ਵੱਲੋਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਵਿਸ਼ੇਸ਼ ਤੌਰ 'ਤੇ ਸਿਰੋਪਾ ਦੇ ਕੇ ਸਨਮਾਨ ਵੀ ਕੀਤਾ ਗਿਆ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande