ਜ਼ਮੀਨ ਦੀ ਉਪਜਾਊ ਸ਼ਕਤੀ ਬਣਾਏ ਰੱਖਣ ਲਈ ਸਮੇਂ ਦੀਆਂ ਹਾਣੀ ਤਕਨੀਕਾਂ ਨੂੰ ਅਪਣਾਇਆ ਜਾਵੇ : ਡਾ. ਭੁਪਿੰਦਰ ਸਿੰਘ ਏਓ
ਤਰਨਤਾਰਨ, 3 ਨਵੰਬਰ (ਹਿੰ. ਸ਼)। ਡਿਪਟੀ ਕਮਿਸ਼ਨਰ ਤਰਨ ਤਾਰਨ,ਰਾਹੁਲ ਆਈ.ਏ.ਐੱਸ. ਦੇ ਦਿਸ਼ਾ-ਨਿਰਦੇਸ਼ ਅਤੇ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਡਾ. ਤੇਜਬੀਰ ਸਿੰਘ ਦੀ ਦੇਖ-ਰੇਖ ਹੇਠ ਜ਼ਿਲ੍ਹਾ ਪ੍ਰਸ਼ਾਸਨ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਸਬੰਧੀ ਨਿਗਰਾਨੀ ਅਤੇ ਜਾਗਰੂਕ ਕਰ ਰਿਹਾ ਹੈ। ਨਿਰੀਖਣ
.


ਤਰਨਤਾਰਨ, 3 ਨਵੰਬਰ (ਹਿੰ. ਸ਼)। ਡਿਪਟੀ ਕਮਿਸ਼ਨਰ ਤਰਨ ਤਾਰਨ,ਰਾਹੁਲ ਆਈ.ਏ.ਐੱਸ. ਦੇ ਦਿਸ਼ਾ-ਨਿਰਦੇਸ਼ ਅਤੇ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਡਾ. ਤੇਜਬੀਰ ਸਿੰਘ ਦੀ ਦੇਖ-ਰੇਖ ਹੇਠ ਜ਼ਿਲ੍ਹਾ ਪ੍ਰਸ਼ਾਸਨ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਸਬੰਧੀ ਨਿਗਰਾਨੀ ਅਤੇ ਜਾਗਰੂਕ ਕਰ ਰਿਹਾ ਹੈ। ਨਿਰੀਖਣ ਦੌਰਾਨ ਡਾ. ਭੁਪਿੰਦਰ ਸਿੰਘ, ਬਲਾਕ ਖੇਤੀਬਾੜੀ ਅਫ਼ਸਰ, ਪੱਟੀ ਨੇ ਪਿੰਡ ਭੱਗੂਪੁਰ ਵਿਖੇ ਉੱਦਮੀ ਕਿਸਾਨਾਂ ਦੁਆਰਾ ਪਰਾਲੀ ਨੂੰ ਖੇਤ ਵਿੱਚ ਹੀ ਰੱਖ ਕੇ ਅਪਣਾਈਆਂ ਵੱਖ-ਵੱਖ ਤਕਨੀਕਾਂ ਪੀਏਯੂ ਸਮਾਰਟ ਸੀਡਰ, ਹੈਪੀ ਸੀਡਰ ਅਤੇ ਸੁਪਰ ਸੀਡਰ ਦਾ ਨਿਰੀਖਣ ਕੀਤਾ।ਇਸ ਮੌਕੇ ਪਿਛਲੇ ਸੱਤ ਸਾਲ ਤੋਂ ਉੱਦਮ ਅਤੇ ਉਤਸਾਹ ਨਾਲ ਪਰਾਲੀ ਪ੍ਰਬੰਧਨ ਕਰ ਰਹੇ ਜੁਗਰਾਜ ਸਿੰਘ ਨੇ ਦੱਸਿਆ ਕਿ ਉਸਦੇ ਪਰਿਵਾਰਿਕ ਮੈਂਬਰਾਂ ਦੁਆਰਾ ਪਿਛਲੇ ਸਾਲ 22 ਏਕੜ ਵਿੱਚ ਮਹਿਕਮੇ ਦੁਆਰਾ ਸਬਸਿਡੀ `ਤੇ ਲਈ ਪੀਏਯੂ ਸਮਾਰਟ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ। ਜਦ ਕਿ 10 ਏਕੜ ਸੁਪਰ ਸੀਡਰ ਅਤੇ ਬਾਕੀ 53 ਏਕੜ ਦੇ ਲਗਭਗ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਸੀ। ਸਮਾਰਟ ਸੀਡਰ ਰਾਹੀਂ ਮਿਲੇ ਚੰਗੇ ਨਤੀਜੇ ਨਾਲ ਇਸ ਸਾਲ 50 ਏਕੜ ਸਮਾਰਟ ਸੀਡਰ ਅਤੇ 30 ਏਕੜ ਵਿੱਚ ਹੈਪੀ ਸੀਡਰ ਤੇ ਸੁਪਰ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਦੀ ਸ਼ੁਰੂਆਤ ਕੀਤੀ ਹੈ।ਉਨਾਂ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਜਿੱਥੇ ਹੈਪੀ ਸੀਡਰ ਅਤੇ ਸਮਾਰਟ ਸੀਡਰ ਨਾਲ ਪਰਾਲੀ ਖੇਤ ਵਿੱਚ ਆਸਾਨੀ ਨਾਲ ਹੀ ਸਾਂਭੀ ਜਾਂਦੀ ਹੈ, ਉੱਥੇ ਡੀਜ਼ਲ ਖਰਚਾ ਅਤੇ ਸਮੇਂ ਦੀ ਬੱਚਤ ਹੋ ਜਾਂਦੀ ਹੈ। ਇਹਨਾਂ ਤਕਨੀਕਾਂ ਨੂੰ ਵਰਤਣ ਨਾਲ ਖਾਦ ਅਤੇ ਨਦੀਨ ਨਾਸ਼ਕ ਜ਼ਹਿਰਾਂ `ਤੇ ਖਰਚਾ ਘੱਟ ਹੁੰਦਾ ਹੈ।ਇਸ ਮੌਕੇ ਡਾ ਭੁਪਿੰਦਰ ਸਿੰਘ ਏਓ, ਸਰਕਲ ਇੰਚਾਰਜ ਪ੍ਰਮਿੰਦਰ ਕੌਰ ਖੇਤੀਬਾੜੀ ਵਿਕਾਸ ਅਫਸਰ ਅਤੇ ਰਜਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਨੇ ਦੂਜੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਕਾਹਲੀ ਨਾਲ ਖੇਤ ਨੂੰ ਅੱਗ ਲਗਾਉਣ ਦੀ ਬਜਾਏ ਖੇਤੀ ਵਿਗਿਆਨੀਆਂ ਵੱਲੋਂ ਵਿਕਸਿਤ ਸਮੇਂ ਦੀਆਂ ਹਾਣੀ ਤਕਨੀਕਾਂ ਨੂੰ ਵੇਖ ਕੇ ਉਹ ਵੀ ਹੰਭਲਾ ਮਾਰਨ ਤਾਂ ਜੋ ਜਮੀਨ ਦੀ ਉਪਜਾਊ ਸ਼ਕਤੀ ਬਣੀ ਰਹੇ ਅਤੇ ਕੋਈ ਕਾਨੂੰਨੀ ਅੜਚਣ ਵੀ ਨਾ ਬਣੇ। ਉਨਾਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਬੀਜ ਨੂੰ ਦੋ ਮਿਲੀਲੀਟਰ ਨਿਊਨਿਕਸ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧਣ ਉਪਰੰਤ ਸਿਉਂਕ ਅਤੇ ਕਾਂਗਿਆਰੀ ਦੀ ਸਮੱਸਿਆ ਘੱਟ ਜਾਂਦੀ ਹੈ। ਇਸ ਮੌਕੇ ਗੁਰਨਾਮ ਸਿੰਘ, ਮਨਜਿੰਦਰ ਸਿੰਘ, ਕਾਰਜ ਸਿੰਘ ਅਤੇ ਗੁਰਦੇਵ ਸਿੰਘ ਤਕਨੀਕੀ ਸਹਾਇਕ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande