
ਤਰਨ ਤਾਰਨ, 03 ਨਵੰਬਰ (ਹਿੰ. ਸ.)। ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ ਉਪ ਚੋਣ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਉਪ ਚੋਣ ਦੇ ਮੱਦੇਨਜ਼ਰ ਸਟੈਟਿਕ ਸਰਵੀਲੈਂਸ ਟੀਮ ਵੱਲੋਂ ਬੀਤੀ ਰਾਤ ਝਬਾਲ ਵਿਖੇ ਵਿਸ਼ੇਸ਼ ਨਾਕਾਬੰਦੀ ਦੌਰਾਨ ਇੱਕ ਕਾਰ ਸਵਾਰ ਕੋਲੋਂ 427710 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਸਟੈਟਿਕ ਸਰਵੀਲੈਂਸ ਟੀਮ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਇਹ ਨਕਦੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾ ਕੇ ਅਗਲੇਰੀ ਪੜਤਾਲ ਅਰੰਭ ਕਰ ਦਿੱਤੀ ਹੈ।
ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ, ਆਈ.ਏ.ਐੱਸ. ਨੇ ਦੱਸਿਆ ਕਿ ਤਰਨ ਤਾਰਨ ਉਪ ਚੋਣ ਦੇ ਮੱਦੇਨਜ਼ਰ ਪੂਰੇ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤਾ ਲੱਗਾ ਹੋਇਆ ਹੈ। ਚੋਣ ਦੌਰਾਨ ਬੇ-ਅਥਾਹ ਅਤੇ ਗੈਰ ਕਾਨੂੰਨੀ ਖ਼ਰਚਾ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਣ ਜ਼ਾਬਤੇ ਦੌਰਾਨ 50 ਹਜ਼ਾਰ ਤੋਂ ਵੱਧ ਦੀ ਨਕਦੀ ਲਿਜਾਣ ਮੌਕੇ ਉਸ ਨਾਲ ਸਬੰਧਿਤ ਸਾਰੇ ਜ਼ਰੂਰੀ ਕਾਗਜ਼ਾਤ ਰੱਖਣੇ ਜ਼ਰੂਰੀ ਹਨ ਨਹੀਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਇਹ ਨਕਦੀ ਜ਼ਬਤ ਕਰਕੇ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਬੈਂਕਾਂ ਨੂੰ ਵੀ ਇਹ ਹਦਾਇਤ ਕੀਤੀ ਹੋਈ ਹੈ ਕਿ ਚੋਣ ਪ੍ਰਕਿਰਿਆ ਦੌਰਾਨ ਜੇਕਰ ਜੇਕਰ ਕਿਸੇ ਦੇ ਵੀ ਬੈਂਕ ਖਾਤੇ ਵਿੱਚੋਂ ਨਕਦ ਜਮ੍ਹਾ ਜਾਂ ਨਿਕਾਸੀ ਦੀ ਰਕਮ 10 ਲੱਖ ਰੁਪਏ ਤੋਂ ਉੱਪਰ ਹੈ ਤਾਂ ਇਸ ਦੀ ਸੂਚਨਾ ਵੀ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜੀ ਜਾਵੇ ਤਾਂ ਜੋ ਇਹ ਸੂਚਨਾ ਆਮਦਨ ਕਰ ਵਿਭਾਗ ਦੇ ਨੋਡਲ ਅਫ਼ਸਰ ਨੂੰ ਇਨਕਮ ਟੈਕਸ ਲਾਅਜ਼ ਅਨੁਸਾਰ ਬਣਦੀ ਯੋਗ ਅਤੇ ਲੋੜੀਂਦੀ ਕਾਰਵਾਈ ਹਿਤ ਭੇਜੀ ਜਾ ਸਕੇ।
ਉਨ੍ਹਾਂ ਕਿਹਾ ਕਿ ਚੋਣ ਜ਼ਾਬਤੇ ਦੌਰਾਨ ਬੈਂਕ ਇਹ ਗੱਲ ਯਕੀਨੀ ਬਣਾਉਣਗੇ ਕਿ ਆਊਟਸੋਰਸਡ ਏਜੰਸੀਜ਼/ਕੰਪਨੀਜ਼ ਦੀਆਂ ਕੈਸ਼ ਵੈਨਜ਼ ਜੋ ਕਿ ਬੈਂਕਾਂ ਦਾ ਕੈਸ਼ ਲੈ ਕੇ ਚੱਲਦੀਆਂ ਹਨ, ਕਿਸੇ ਵੀ ਹਾਲਤ ਵਿੱਚ ਸਿਵਾਏ ਬੈਂਕਾਂ ਤੋਂ ਕਿਸੇ ਵੀ ਥਰਡ ਪਾਰਟੀ/ਏਜੰਸੀ ਜਾਂ ਵਿਅਕਤੀ ਦਾ ਕੈਸ਼ ਲੈ ਕੇ ਨਹੀਂ ਚੱਲਣਗੀਆਂ। ਇਸ ਸਬੰਧੀ ਆਊਟਸੋਰਸ ਏਜੰਸੀਜ਼/ਕੰਪਨੀਜ਼ ਬੈਂਕ ਵੱਲੋਂ ਜਾਰੀ ਈ.ਐਸ.ਐਮ.ਐਸ. ਤੇ ਕਿਊ ਆਰ. ਰਸੀਦ ਨਾਲ ਲੈ ਕੇ ਚੱਲਣਗੀਆਂ, ਜਿਸ ਵਿੱਚ ਬੈਂਕਾਂ ਵੱਲੋਂ ਜਾਰੀ ਨਕਦੀ/ਡਰਾਈਵਰ ਆਦਿ ਦਾ ਵੇਰਵਾ ਹੋਵੇਗਾ ਅਤੇ ਇਨ੍ਹਾਂ ਕੈਸ਼ ਵੈਨਜ਼ ਵੱਲੋਂ ਏ.ਟੀ.ਐਮ. ਵਿੱਚ ਪੈਸੇ ਭਰਨ ਲਈ ਜਾਂ ਬੈਂਕ ਦੀਆਂ ਹੋਰ ਦੂਸਰੀਆਂ ਬਰਾਂਚਾਂ ਵਿੱਚ ਪੈਸੇ ਦੇਣ ਲਈ ਜਾਂ ਦੂਸਰੇ ਬੈਂਕ ਵਿੱਚ ਜਾਂ ਕਰੰਸੀ ਕੈਸ਼ ਵਿੱਚ ਪੈਸੇ ਦੇਣ ਦਾ ਪੂਰਾ ਵੇਰਵਾ ਦਿੱਤਾ ਜਾਵੇਗਾ।
-----------------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ