
ਪਟਿਆਲਾ, 4 ਨਵੰਬਰ (ਹਿੰ. ਸ.)। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਮਜਬੂਤ ਬਣਾਉਣ ਲਈ ਸੀ.ਐਮ. ਦੀ ਯੋਗਸ਼ਾਲਾ ਮੁਹਿੰਮ ਜਾਰੀ ਹੈ ਜਿਸ ਦਾ ਮੁੱਖ ਉਦੇਸ਼ ਪੰਜਾਬ ਦੇ ਹਰੇਕ ਵਸਨੀਕ ਨੂੰ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ, ਤਣਾਅ ਮੁਕਤ ਰਹਿਣ ਅਤੇ ਪ੍ਰਾਕ੍ਰਿਤਿਕ ਤਰੀਕਿਆਂ ਰਾਹੀਂ ਸਿਹਤਮੰਦ ਬਣਨ ਲਈ ਪ੍ਰੇਰਿਤ ਕਰਨਾ ਹੈ।
ਸੀ.ਐਮ. ਯੋਗਸ਼ਾਲਾ ਤਹਿਤ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਨਿਯਮਤ ਤੌਰ 'ਤੇ ਯੋਗ ਕਲਾਸਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਹ ਕਲਾਸਾਂ ਸਿਰਫ ਸਵੇਰੇ ਦੇ ਸਮੇਂ ਤੱਕ ਹੀ ਸੀਮਿਤ ਨਹੀਂ ਹਨ, ਸਗੋਂ ਲੋਕਾਂ ਦੀ ਸੁਵਿਧਾ ਮੁਤਾਬਕ ਵੱਖ-ਵੱਖ ਸਮਿਆਂ ' ਤੇ ਵੀ ਆਯੋਜਿਤ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਹਰ ਉਮਰ ਅਤੇ ਵਰਗ ਦੇ ਲੋਕ ਇਸ ਵਿੱਚ ਭਾਗ ਲੈ ਸਕਣ।
ਸੀ.ਐਮ. ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਧਾ ਕ੍ਰਿਸ਼ਨਾ ਮੰਦਿਰ ਨੂਰਵਾਲਾ (ਟ੍ਰੇਨਰ ਚਰਨ ਸਿੰਘ) ਰਾਜਪੁਰਾ, ਗੁਰਦੁਆਰਾ ਸਾਹਿਬ ਸਿੰਘ ਯੋਗ (ਟ੍ਰੇਨਰ ਮੌਜੀ) ਨਾਭਾ ਅਤੇ ਵਿਸ਼ਵ ਕਰਮਾ ਮੰਦਿਰ ਘਨੌਰ ਪਟਿਆਲਾ (ਟ੍ਰੇਨਰ ਮਨਦੀਪ ਸਿੰਘ) 'ਤੇ ਤਜਰਬੇਕਾਰ ਟ੍ਰੇਨਰਾਂ ਦੀ ਰਹਿਨੁਮਾਈ ਹੇਠ ਯੋਗ ਸੈਸ਼ਨ ਨਿਯਮਤ ਤੌਰ 'ਤੇ ਚਲ ਰਹੇ ਹਨ।
ਇਨ੍ਹਾਂ ਸੈਸ਼ਨਾਂ ਵਿੱਚ ਰਿਲੈਕਸੇਸ਼ਨ, ਧਿਆਨ, ਹੱਸਣ ਦੀ ਥੈਰੇਪੀ, ਤਾਲੀ ਥੈਰੇਪੀ, ਯੌਗ ਆਸਨ ਅਤੇ ਪ੍ਰਾਣਾਯਾਮ ਵਰਗੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਹ ਸਭ ਗਤੀਵਿਧੀਆਂ ਸਰੀਰ ਅਤੇ ਮਨ ਦੋਹਾਂ ਨੂੰ ਸ਼ਾਂਤ, ਸੰਤੁਲਿਤ ਅਤੇ ਤਾਜ਼ਗੀ ਨਾਲ ਭਰਪੂਰ ਕਰਦੀਆਂ ਹਨ। ਵਿਸ਼ੇਸ਼ ਤੌਰ 'ਤੇ ਯੋਗ ਰਾਹੀਂ ਸਾਂਹ ਪ੍ਰਣਾਲੀ ਨੂੰ ਮਜ਼ਬੂਤ ਬਣਾਇਆ ਜਾਂਦਾ ਹੈ, ਜੋ ਮਨੁੱਖ ਨੂੰ ਤਣਾਅ ਤੋਂ ਮੁਕਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਰਜਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦੀ ਵੱਧ ਰਹੀ ਦਿਲਚਸਪੀ ਦੇਖ ਕੇ ਹੁਣ ਹੋਰ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਵੀ ਇਹ ਪ੍ਰੋਗਰਾਮ ਵਧਾਏ ਜਾਣਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ