
ਮੋਹਾਲੀ, 4 ਨਵੰਬਰ (ਹਿੰ. ਸ.)। ਜ਼ਿਲ੍ਹੇ ’ਚ ਲਿੰਗ ਅਨੁਪਾਤ ਨੂੰ ਸੁਧਾਰਨ ਲਈ ਯਤਨ ਹੋਰ ਤੇਜ਼ ਕਰਨ ਦੀ ਹਦਾਇਤ ਕਰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਆਖਿਆ ਕਿ ਭਰੂਣ ਹਤਿਆ ਦੀ ਲਾਹਨਤ ਨੂੰ ਜੜ੍ਹੋਂ ਖ਼ਤਮ ਕਰਨ ਲਈ ਵੱਧ ਤੋਂ ਵੱਧ ਜਾਗਰੂਕਤਾ ਸਰਗਰਮੀਆਂ ਕੀਤੀਆਂ ਜਾਣ। ਉਹ ਅੱਜ ਆਪਣੇ ਦਫ਼ਤਰ ਵਿਖੇ ਜ਼ਿਲ੍ਹੇ ਦੀਆਂ ਲੇਡੀ ਹੈਲਥ ਵਿਜ਼ੀਟਰਜ਼ (ਐਲ.ਐਚ.ਵੀ.) ਨਾਲ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਭਰੂਣ ਹਤਿਆ ਅਤੇ ਗਰਭਵਤੀ ਔਰਤਾਂ ਦੀਆਂ ਮੌਤਾਂ ਦੇ ਮਾਮਲਿਆਂ ਦੀ ਰੋਕਥਾਮ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਇਸ ਦਿਸ਼ਾ ਵਿਚ ਹੋਰ ਤੇਜ਼ੀ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉੱਚ-ਜੋਖਮ ਗਰਭਵਤੀ ਔਰਤਾਂ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ । ਡਾ. ਜੈਨ ਨੇ ਇਹ ਵੀ ਕਿਹਾ ਕਿ ਪੀ.ਸੀ.ਪੀ.ਐਨ.ਡੀ.ਟੀ. ਅਤੇ ਐਮ.ਟੀ.ਪੀ. ਐਕਟ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਡਾ. ਜੈਨ ਨੇ ਆਖਿਆ ਕਿ ਜ਼ਿਲ੍ਹੇ ਵਿਚ ਕਿਤੇ ਵੀ ਕੋਈ ਅਣਰਜਿਸਟਰਡ ਐਮ.ਟੀ.ਪੀ. ਕੇਂਦਰ ਨਹੀਂ ਚੱਲਣਾ ਚਾਹੀਦਾ। ਜੇ ਅਜਿਹਾ ਕੇਂਦਰ ਕਿਤੇ ਚੱਲ ਰਿਹਾ ਹੈ ਤਾਂ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ ਤਾਕਿ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਗਰਭ ਅਵਸਥਾ ਦੌਰਾਨ ਲਿੰਗ ਨਿਰਧਾਰਣ ਜਾਂਚ ਕਰਨਾ ਤੇ ਕਰਵਾਉਣਾ ਕਾਨੂੰਨਨ ਅਪਰਾਧ ਹੈ।
ਮੀਟਿੰਗ ਦੌਰਾਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤਮੰਨਾ ਸਿੰਘਲ ਨੇ ਦਸਿਆ ਕਿ ਜ਼ਿਲ੍ਹੇ ਵਿਚ ਪੀ.ਸੀ. ਐਂਡ ਪੀ.ਐੱਨ.ਡੀ.ਟੀ. ਐਕਟ ਦੀ ਉਲੰਘਣਾ ਕਰਨ ਵਾਲੇ ਅਲਟਰਾਸਾਊਂਡ ਸਕੈਨਿੰਗ ਕੇਂਦਰਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਿੰਗ ਨਿਰਧਾਰਣ ਟੈਸਟ ਕਰਨ ਵਾਲੇ ਕੇਂਦਰਾਂ ਵਿਰੁੱਧ ਕਾਰਵਾਈ ਕਰਨ ਲਈ ਫਰਜ਼ੀ ਮਰੀਜ਼ ਨੂੰ 1 ਲੱਖ ਰੁਪਏ ਤੇ ਸੂਚਨਾ ਦੇਣ ਵਾਲੇ ਨੂੰ 50,000 ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਲਿੰਗ ਨਿਰਧਾਰਣ ਟੈਸਟ ਕਰਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਇਨਾਮੀ ਰਾਸ਼ੀ ਦੇ ਐਲਾਨ ਉਪਰੰਤ ਅਲਟਰਾਸਾਊਂਡ ਸਕੈਨਿੰਗ ਕੇਂਦਰਾਂ ਦੀ ਕਾਰਗੁਜ਼ਾਰੀ ਵਿਚ ਕਾਫੀ ਹੱਦ ਤੱਕ ਸੁਧਾਰ ਹੋਇਆ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ