
ਫਾਜ਼ਿਲਕਾ 4 ਨਵੰਬਰ (ਹਿੰ. ਸ.)। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਫਾਜ਼ਿਲਕਾ ਦੀ ਪ੍ਰਬੰਧਕ ਕਮੇਟੀ ਵੱਲੋਂ ਅੱਜ ਫਾਜ਼ਿਲਕਾ ਸ਼ਹਿਰ ਵਿਚ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦਾ ਵਿਧਾਇਕ ਫਾਜ਼ਿਲਕਾ ਦੀ ਧਰਮਪਤਨੀ ਖੁਸ਼ਬੂ ਸਾਵਨਸੁੱਖਾ ਸਵਨਾ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ ਤੇ ਪੰਜ ਪਿਆਰਿਆਂ ਨੂੰ ਸਰੋਪਾ ਵੀ ਭੇਂਟ ਕੀਤਾ।ਖੁਸ਼ਬੂ ਸਾਵਨ ਸੁੱਖਾ ਸਵਨਾ ਨੇ ਦੱਸਿਆ ਕਿ ਸਜਾਏ ਗਏ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫਾਜ਼ਿਲਕਾ ਤੋਂ ਹੋਈ। ਗਤਕਾ ਪਾਰਟੀਆਂ ਦੇ ਨੌਜਵਾਨ ਗਤਕੇ ਦੇ ਹੈਰਤਅੰਗੇਜ ਕਰਤੱਬ ਵਿਖਾਏ। ਫੁੱਲਾਂ ਨਾਲ ਸਜਾਈ ਗੱਡੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਲਈ ਸੰਗਤਾਂ ਵੱਲੋਂ ਪਾਲਕੀ ਸਾਹਿਬ ਦੇ ਅੱਗੇ-ਅੱਗੇ ਸਾਫ਼-ਸਫ਼ਾਈ ਦੀ ਸੇਵਾ ਕੀਤੀ ਜਾ ਰਹੀ ਸੀ।
ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਦੀ ਸੇਵਾ ਲਈ ਸ਼ਰਧਾਲੂਆਂ ਨੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਾਏ ਹੋਏ ਸਨ। ਨਗਰ ਕੀਰਤਨ ਵਿਚ ਸ਼ਬਦੀ ਜਥਿਆਂ ਤੋਂ ਇਲਾਵਾ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਲਕੀ ਦੇ ਪਿੱਛੇ-ਪਿੱਛੇ ਪੈਦਲ ਚੱਲ ਕੇ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ। ਇਸ ਮੌਕੇ ਉਨ੍ਹਾਂ ਵੀ ਆਪਣੀ ਦਸਵੰਧ ਕਢਦਿਆਂ ਸੰਗਤਾਂ ਵਿਚਕਾਰ ਬਿਸਕੁਟਾਂ ਦੀ ਸੇਵਾ ਅਰਪਣ ਕੀਤੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ