
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਨਵੰਬਰ (ਹਿੰ. ਸ.)। ਜ਼ਿਲ੍ਹਾ ਐਸ.ਏ.ਐਸ. ਨਗਰ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਅਤੇ ਟ੍ਰੈਫਿਕ ਜਾਗਰੂਕਤਾ ਮੁਹਿੰਮ ਤਹਿਤ ਕੇਂਦਰੀ ਵਿਦਿਆਲਿਆ, ਸੈਕਟਰ 80, ਮੋਹਾਲੀ ਵਿੱਚ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਹ ਸੈਮੀਨਾਰ ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ ਅਤੇ ਕਪਤਾਨ ਪੁਲਿਸ (ਟ੍ਰੈਫਿਕ) ਨਵਨੀਤ ਸਿੰਘ ਮਾਹਲ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਹੇਠ ਉਪ ਕਪਤਾਨ ਪੁਲਿਸ (ਟ੍ਰੈਫਿਕ) ਕਰਨੈਲ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।
ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਖੇਡਾਂ ਵੱਲ ਰੁਝਾਨ ਵਧਾਉਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਉਹਨਾਂ ਨੂੰ ਸਲਾਹ ਦਿੱਤੀ ਗਈ ਕਿ ਵਹੀਕਲ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ, ਸਹੀ ਲਾਈਨ ਵਿੱਚ ਡਰਾਈਵਿੰਗ ਕਰਨ ਅਤੇ ਲੇਨ ਬਦਲਣ ਸਮੇਂ ਇੰਡਿਕੇਟਰ ਦੀ ਵਰਤੋਂ ਕਰਨ।
ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਮੋਟਰ ਵਹੀਕਲ ਐਕਟ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ। ਦੱਸਿਆ ਗਿਆ ਕਿ ਜੇਕਰ ਡਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਧਾਰਾ 184 ਤਹਿਤ ਪਹਿਲੀ ਵਾਰ 5000, ਦੂਜੀ ਵਾਰ 10,000 ਰੁਪਏ ਜੁਰਮਾਨਾ ਅਤੇ 6 ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ, ਨਾਲ ਹੀ ਲਾਇਸੰਸ 3 ਮਹੀਨੇ ਲਈ ਸਸਪੈਂਡ ਕੀਤਾ ਜਾਵੇਗਾ।
ਓਵਰਸਪੀਡ ਦੇ ਮਾਮਲਿਆਂ ਵਿੱਚ ਧਾਰਾ 183 ਤਹਿਤ ਪਹਿਲੀ ਵਾਰ 2000, ਦੂਜੀ ਵਾਰ 4000 ਰੁਪਏ ਜੁਰਮਾਨਾ ਅਤੇ 3 ਮਹੀਨੇ ਲਈ ਲਾਇਸੰਸ ਸਸਪੈਂਡ ਕੀਤਾ ਜਾ ਸਕਦਾ ਹੈ।
ਇਸ ਮੌਕੇ ‘ਤੇ ਕੇਂਦਰੀ ਵਿਦਿਆਲਿਆ ਦੇ ਪ੍ਰਿੰਸੀਪਲ ਸ਼੍ਰੀ ਜਗੇਸ਼ਵਰ ਅਤੇ ਸਕੂਲ ਸਟਾਫ ਨੇ ਪੁਲਿਸ ਵਿਭਾਗ ਦਾ ਧੰਨਵਾਦ ਕੀਤਾ ਅਤੇ ਅਜਿਹੇ ਜਾਗਰੂਕਤਾ ਪ੍ਰੋਗਰਾਮਾਂ ਦੀ ਲਗਾਤਾਰ ਲੋੜ ’ਤੇ ਜ਼ੋਰ ਦਿੱਤਾ।
ਸੈਮੀਨਾਰ ਦੇ ਅੰਤ ਵਿੱਚ ਡੀ ਐਸ ਪੀ ਕਰਨੈਲ ਸਿੰਘ ਨੇ ਵਿਦਿਆਰਥੀਆਂ ਨੂੰ ਖੇਡਾਂ ਵੱਲ ਰੁਚਿਤ ਹੋਣ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ