
ਬਸੀ ਪਠਾਣਾ/ਫਤਹਿਗੜ੍ਹ ਸਾਹਿਬ, 4 ਨਵੰਬਰ (ਹਿੰ. ਸ.)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਸਖਤ ਹਦਾਇਤਾਂ 'ਤੇ ਨਸ਼ਾ ਤਸਕਰਾਂ ਖਿਲਾਫ਼ ਸੂਬੇ ਵਿੱਚ ਵਿੱਢੀ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਦੇ ਤਹਿਤ ਜਿ਼ਲ੍ਹਾ ਪੁਲਿਸ ਤੇ ਪ੍ਰਸ਼ਾਸਨ ਨੇ ਸਾਂਝੀ ਕਾਰਵਾਈ ਕਰਦਿਆਂ ਬਸੀ ਪਠਾਣਾ ਦੇ ਪਿੰਡ ਕੋਟਲਾ ਫਾਜ਼ਲ ਵਿਖੇ ਨਸ਼ਾ ਤਸਕਰ ਦੁਆਰਾ ਬਣਾਈ ਗਈ ਨਜਾਇਜ਼ ਉਸਾਰੀ ਨੂੰ ਬੁਲਡੋਜ਼ਰ ਨਾਲ ਢਾਹੁਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਇਸ ਮੁਹਿੰਮ ਦੀ ਅਗਵਾਈ ਐਸ.ਐਸ.ਪੀ. ਸ਼ੁਭਮ ਅਗਰਵਾਲ ਨੇ ਕੀਤੀ ਜਦਕਿ ਇਸ ਦੌਰਾਨ ਐਸ.ਪੀ ਡੀ ਰਾਕੇਸ਼ ਕੁਮਾਰ ਯਾਦਵ, ਡੀ.ਐਸ.ਪੀ ਰਾਜ ਕੁਮਾਰ ਸ਼ਰਮਾ, ਥਾਣਾ ਮੁਖੀ ਜਤਿੰਦਰਪਾਲ ਸਿੰਘ, ਪੰਚਾਇਤ ਅਫ਼ਸਰ, ਸਰਪੰਚ ਪਰਮਜੀਤ ਸਿੰਘ ਤੇ ਪੰਚ ਵੀ ਮੌਜੂਦ ਸਨ।
ਇਸ ਮੌਕੇ ਐਸ.ਐਸ.ਪੀ. ਸੁਭਮ ਅਗਰਵਾਲ ਨੇ ਕਿਹਾ ਕਿ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਾ ਤਸਕਰਾਂ ਦਾ ਮੁਕੰਮਲ ਸਫਾਇਆ ਕਰਨ ਲਈ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੀ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਉਨ੍ਹਾਂ ਕਿਹਾ ਕਿ ਜਿਥੇ ਨਸਿ਼ਆਂ ਦਾ ਕਾਲੋ ਕਾਰੋਬਾਰ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਪਹੁੰਚਾਇਆ ਜਾ ਰਿਹਾ ਹੈ ਉਥੇ ਹੀ ਮਾੜੀ ਸੰਗਤ ਦਾ ਸਿ਼ਕਾਰ ਹੋ ਕੇ ਨਸਿ਼ਆਂ ਦੀ ਦਲਦਲ ਵਿੱਚ ਫਸੇ ਨਸ਼ਾ ਪੀੜਤਾਂ ਨੂੰ ਸਿਹਤਯਾਬ ਕਰਨ ਲਈ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜਿ਼ਲ੍ਹੇ ਵਿੱਚ ਲਗਭਗ 10 ਥਾਵਾਂ *ਤੇ ਅਜਿਹੀਆਂ ਨਜਾਇਜ਼ ਉਸਾਰੀਆਂ ਨੂੰ ਢਾਹਿਆ ਜਾ ਚੁੱਕਾ ਹੈ ਜਿਹੜੀਆਂ ਨਸ਼ਾ ਤਸਕਰਾਂ ਵੱਲੋਂ ਨਸਿ਼ਆਂ ਦੇ ਕਾਲੇ ਕਾਰੋਬਾਰ ਨਾਲ ਤਿਆਰ ਕੀਤੀਆਂ ਗਈਆਂ ਸਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੁਲਿਸ ਨੂੰ ਸੇਫ ਪੰਜਾਬ ਜਾਂ ਹੈਲਪਲਾਈਨ ਨੰਬਰ 112 ਤੇ ਨਸ਼ਾ ਤਸਕਰਾਂ ਬਾਰੇ ਗੁਪਤ ਸੂਚਨਾ ਦੇਣ ਤਾਂ ਜੋ ਕੋਈ ਵੀ ਮਾੜਾ ਅਨਸਰ ਕਾਨੂੰਨੀ ਸਿ਼ਕੰਜੇ ਤੋਂ ਬਚ ਨਾ ਸਕੇ। ਉਨ੍ਹਾਂ ਦੱਸਿਆ ਕਿ ਸੂਚਨਾ ਦੇਣ ਵਾਲੇ ਦਾ ਨਾਮ ਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਣ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ।
ਐਸ.ਐਸ.ਪੀ. ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪਿੰਡ ਕੋਟਲਾ ਫਾਜ਼ਲ ਦੇ ਵਸਨੀਕ ਸੋਮਨਾਥ ਖਿਲਾਫ਼ ਨਸ਼ਾ ਤਸਕਰੀ ਦੇ ਵੱਖ—ਵੱਖ 6 ਕੇਸ ਦਰਜ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਨਸਿ਼ਆਂ ਦਾ ਕਾਰੋਬਾਰ ਕਰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਅੱਜ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਭਵਿੱਖ ਵਿੱਚ ਵੀ ਜਿ਼ਲ੍ਹਾ ਪੁਲਿਸ ਨਸ਼ਾ ਤਸਕਰਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ