
ਫਾਜ਼ਿਲਕਾ 5 ਨਵੰਬਰ (ਹਿੰ. ਸ.)। ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਲੋਕਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਜੀਵਨ ਦੇ ਫਲਸਫੇ ਬਾਰੇ ਜਾਣਕਾਰੀ ਦੇਣ ਲਈ 8 ਨਵੰਬਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਫਾਜ਼ਿਲਕਾ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਇਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦਿੱਤੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਪ੍ਰਬੰਧਨ ਹੇਠ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਲੋਕਾਂ ਨੂੰ ਸ਼ਾਮ 5 ਵਜੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਜ਼ਿਲ੍ਹੇ ਭਰ ਤੋਂ ਲੋਕ ਸ਼ਾਮਿਲ ਹੋਣਗੇ ਇਸ ਲਈ ਪ੍ਰਬੰਧਾਂ ਨੁੰ ਸਮੇਂ ਰਹਿੰਦੇ ਮੁਕੰਮਲ ਕਰ ਲਿਆ ਜਾਵੇ।ਸਮਾਗਮ ਵਿੱਚ ਜ਼ਿਲ੍ਹਾ ਨਿਵਾਸੀਆਂ ਨੂੰ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਦੇਸ਼, ਜੀਵਨ ਤੇ ਫਲਸਫਾ ਲੋਕਾਂ ਤੱਕ ਪਹੁੰਚਾਉਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਵਾਜਾਈ ਪ੍ਰਬੰਧਾਂ, ਸੁਰੱਖਿਆ ਵਿਵਸਥਾ, ਵਾਹਨਾਂ ਦੀ ਪਾਰਕਿੰਗ, ਸਾਫ ਸਫਾਈ, ਮੈਡੀਕਲ ਸੁਵਿਧਾ ਸਮੇਤ ਹੋਰ ਸਹੂਲਤਾਂ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ