
ਲੁਧਿਆਣਾ, 5 ਨਵੰਬਰ (ਹਿੰ. ਸ.)। ਪੰਜਾਬ ਸਰਕਾਰ ਦੇ ਮੱਛੀ ਪਾਲਣ ਵਿਭਾਗ ਵੱਲੋਂ ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਮੱਛੀ ਪਾਲਕਾਂ ਲਈ ਇੱਕ ਐਡਵਾਈਜਰੀ ਜਾਰੀ ਕੀਤੀ ਹੈ ਤਾਂ ਜੋ ਠੰਢੇ ਮੌਸਮ ਦੌਰਾਨ ਆਪਣੇ ਮੱਛੀ ਪਾਲਣ ਦੇ ਕਿੱਤੇ ਨੂੰ ਬਿਨ੍ਹਾਂ ਕਿਸੇ ਮੌਸਮੀ ਪ੍ਰਭਾਵ ਦੇ ਵਧੀਆ ਢੰਗ ਨਾਲ ਨਿਰੰਤਰ ਜਾਰੀ ਰੱਖ ਸਕਣ। ਸੀਨੀਅਰ ਮੱਛੀ ਪਾਲਣ ਅਫਸਰ ਲੁਧਿਆਣਾ ਹਰਮਨਪ੍ਰੀਤ ਕੌਰ ਨੇ ਇਸ ਐਡਵਾਈਜਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੇ ਮਾਹਿਰਾਂ ਵੱਲੋਂ ਕਿਹਾ ਗਿਆ ਹੈ ਕਿ ਮੱਛੀ ਨੂੰ ਠੰਢ ਦੀ ਮਾਰ ਤੋਂ ਬਚਾਉਣ ਲਈ ਤਲਾਬ ਵਿੱਚ ਪਾਣੀ ਦਾ ਪੱਧਰ 6 ਤੋਂ 7 ਫੁੱਟ ਰੱਖਿਆ ਜਾਵੇ ਅਤੇ ਤਾਪਮਾਨ ਅਨੁਸਾਰ ਮੱਛੀ ਦੀ ਖੁਰਾਕ ਨੂੰ ਘਟਾਇਆ ਜਾਵੇ। ਉਨ੍ਹਾਂ ਦੱਸਿਆ ਕਿ ਜੈਵਿਕ ਖਾਦਾਂ ਦੀ ਵਰਤੋਂ ਨੂੰ ਘਟਾਇਆ/ਬੰਦ ਕਰ ਦਿੱਤਾ ਜਾਵੇ। ਸਵੇਰ ਦੇ ਸਮੇਂ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਤਲਾਅ ਵਿੱਚ ਤਾਜਾ ਪਾਣੀ/ਏਰੀਏਟਰ ਦੀ ਵਰਤੋਂ ਜਰੂਰ ਕੀਤੀ ਜਾਵੇ।ਮੱਛੀ ਪਾਲਣ ਅਫਸਰ ਲੁਧਿਆਣਾ ਮਮਤਾ ਸ਼ਰਮਾ ਨੇ ਕਿਹਾ ਕਿ ਮੱਛੀ ਪਾਲਕਾਂ ਵੱਲੋਂ ਆਕਸੀਜਨ ਦੀਆਂ ਗੋਲੀਆਂ ਜਾਂ ਪਾਊਡਰ ਫਾਰਮ 'ਤੇ ਲਾਜਮੀ ਰੱਖਿਆ ਜਾਵੇ। ਸਰਦੀਆਂ ਦੇ ਮੌਸਮ ਵਿੱਚ ਮੱਛੀ ਨੂੰ ਬਿਮਾਰੀ ਤੋਂ ਬਚਾਉਣ ਲਈ ਤਲਾਅ ਵਿੱਚ ਸੀਫੈਕਸ ਅਤੇ ਟੌਕਸੀਮਾਰ ਵਰਗੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਵੇ। ਸਹਾਇਕ ਡਾਇਰੈਕਟਰ ਮੱਛੀ ਪਾਲਣ ਜਤਿੰਦਰ ਸਿੰਘ ਗਰੇਵਾਲ ਨੇ ਮੱਛੀ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਵੱਲੋਂ ਜਾਰੀ ਐਡਵਾਈਜਰੀ ਦੀ ਵਰਤੋਂ ਕਰਨ ਤਾਂ ਕਿ ਮੱਛੀਆਂ ਜਾਂ ਮੱਛੀ ਪਾਲਣ ਦੇ ਕਿੱਤੇ 'ਤੇ ਪੈਂਦੇ ਠੰਢ ਦੇ ਪ੍ਰਭਾਵ ਨੂੰ ਘਟਾਇਆ ਜਾਂ ਖਤਮ ਕੀਤਾ ਜਾ ਸਕੇ। ਉਨਾਂ ਸਪੱਸ਼ਟ ਕੀਤਾ ਕਿ ਜੇਕਰ ਸਰਦੀਆਂ ਵਿੱਚ ਮੱਛੀ ਪਾਲਣ ਕਿੱਤੇ ਵਿੱਚ ਮੱਛੀ ਕਾਸ਼ਤਕਾਰਾਂ ਨੂੰ ਕੋਈ ਵੀ ਮੁਸ਼ਕਿਲ ਆਉਦੀ ਹੈ ਤਾਂ ਮੱਛੀ ਪਾਲਣ ਵਿਭਾਗ, ਲੁਧਿਆਣਾ ਮੱਛੀ ਕਾਸ਼ਤਕਾਰਾਂ ਦੀ ਹਰ ਸਮੱਸਿਆ ਨੂੰ ਹੱਲ ਕਰਨ ਲਈ ਵਚਨਬੱਧ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ