
ਨਵੀਂ ਦਿੱਲੀ, 5 ਨਵੰਬਰ (ਹਿੰ.ਸ.)। ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਦੇ ਇੰਦਰਾ ਭਵਨ ਵਿੱਚ ਐੱਚ ਫਾਈਲਜ਼ ਸਿਰਲੇਖ ਵਾਲੀ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਹਰਿਆਣਾ ਚੋਣਾਂ ਵਿੱਚ ਵੱਡੇ ਪੱਧਰ 'ਤੇ ਵੋਟ ਚੋਰੀ ਦੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਇਹ ਵੀ ਖਦਸ਼ਾ ਪ੍ਰਗਟਾਇਆ ਕਿ ਹਰਿਆਣਾ ਵਿੱਚ ਜੋ ਹੋਇਆ ਉਹੀ ਬਿਹਾਰ ਵਿੱਚ ਵੀ ਦੁਹਰਾਇਆ ਜਾ ਸਕਦਾ ਹੈ।
ਇਹ ਪ੍ਰੈਸ ਕਾਨਫਰੰਸ ਉਦੋਂ ਹੋਈ ਹੈ, ਜਦੋਂ ਬਿਹਾਰ ਦੀਆਂ 121 ਵਿਧਾਨ ਸਭਾ ਸੀਟਾਂ ਲਈ ਪਹਿਲੇ ਪੜਾਅ ਲਈ ਵੀਰਵਾਰ ਨੂੰ ਵੋਟਿੰਗ ਹੋਣੀ ਹੈ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਹਰਿਆਣਾ ਵਿੱਚ ਲਗਭਗ 25 ਲੱਖ ਜਾਅਲੀ ਵੋਟਰ ਬਣਾਏ ਗਏ ਹਨ ਅਤੇ ਇਹ ਇੱਕ ਸੰਗਠਿਤ ਵੋਟ ਚੋਰੀ ਦਾ ਮਾਮਲਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਧੋਖਾਧੜੀ ਸਥਾਨਕ ਪੱਧਰ 'ਤੇ ਨਹੀਂ, ਸਗੋਂ ਉੱਚ ਪੱਧਰ 'ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਕੁੱਲ ਲਗਭਗ 2 ਕਰੋੜ ਵੋਟਰ ਹਨ, ਜਿਨ੍ਹਾਂ ਵਿੱਚੋਂ ਹਰ ਅੱਠਵਾਂ ਵੋਟਰ ਫਰਜ਼ੀ ਹੈ।
ਉਨ੍ਹਾਂ ਨੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਰਿਆਣਾ ਵਿੱਚ 25,41,144 ਵੋਟ ਫਰਜੀ ਹਨ। ਇਨ੍ਹਾਂ ਵਿੱਚ 5,21,619 ਡੁਪਲੀਕੇਟ ਵੋਟਰ, 93,174 ਅਵੈਧ ਪਤੇ ਅਤੇ 19,26,351 ਬਲਕ ਵੋਟਰ ਸ਼ਾਮਲ ਹਨ। ਇਸ ਤੋਂ ਇਲਾਵਾ, ਫਾਰਮ-6 (ਨਾਮ ਜੋੜਨਾ) ਅਤੇ ਫਾਰਮ-7 (ਨਾਮ ਮਿਟਾਉਣਾ) ਦੀ ਵੀ ਵੱਡੇ ਪੱਧਰ 'ਤੇ ਦੁਰਵਰਤੋਂ ਕੀਤੀ ਗਈ, ਪਰ ਚੋਣ ਕਮਿਸ਼ਨ ਨੇ ਹੁਣ ਇਨ੍ਹਾਂ ਅੰਕੜਿਆਂ ਤੱਕ ਪਹੁੰਚ ਨੂੰ ਰੋਕ ਦਿੱਤਾ ਹੈ। ਰਾਹੁਲ ਗਾਂਧੀ ਨੇ ਦੱਸਿਆ ਕਿ ਇਹ ਮਾਮਲਾ ਬਹੁਤ ਗੰਭੀਰ ਹੈ ਕਿਉਂਕਿ ਇੰਨੀ ਵੱਡੀ ਵੋਟ ਚੋਰੀ ਦੇ ਬਾਵਜੂਦ, ਕਾਂਗਰਸ ਪਾਰਟੀ ਸਿਰਫ 22,779 ਵੋਟਾਂ ਦੇ ਫਰਕ ਨਾਲ ਹਾਰ ਗਈ। ਉਨ੍ਹਾਂ ਕਿਹਾ ਕਿ ਚੋਣ ਨਤੀਜਿਆਂ ਨੂੰ ਯੋਜਨਾਬੱਧ ਢੰਗ ਨਾਲ ਪ੍ਰਭਾਵਿਤ ਕੀਤਾ ਗਿਆ।
ਕਾਂਗਰਸ ਨੇਤਾ ਨੇ ਬ੍ਰਾਜ਼ੀਲੀਅਨ ਮਾਡਲ ਦੀ ਫੋਟੋ ਦਿਖਾਉਂਦੇ ਹੋਏ ਦਾਅਵਾ ਕੀਤਾ ਕਿ ਹਰਿਆਣਾ ਦੇ ਵੱਖ-ਵੱਖ ਬੂਥਾਂ 'ਤੇ ਵੱਖ-ਵੱਖ ਨਾਵਾਂ ਹੇਠ 22 ਵਾਰ ਵੋਟ ਪਾਉਣ ਲਈ ਇੱਕੋ ਫੋਟੋ ਦੀ ਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਮਾਡਲ ਕਦੇ 'ਸੀਮਾ', ਕਦੇ 'ਸਰਸਵਤੀ' ਅਤੇ ਕਦੇ 'ਸਵੀਟੀ' ਵਜੋਂ ਵੋਟਰ ਲਿਸਟ ਵਿੱਚ ਦਰਜ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਦੋ ਬੂਥਾਂ 'ਤੇ ਇੱਕੋ ਔਰਤ ਦੀ ਫੋਟੋ 223 ਵਾਰ ਦੁਹਰਾਈ ਗਈ। ਇਹ ਵੀ ਦੋਸ਼ ਹੈ ਕਿ ਸ਼ਸ਼ਾਂਕ ਗਿਰੀ ਨਾਮ ਦੇ ਵਿਅਕਤੀ ਨੇ ਬੂਥ ਨੰਬਰ 431 ਅਤੇ 508 'ਚ 14 ਵਾਰ ਵੋਟ ਪਾਈ, ਜਦੋਂ ਕਿ ਰੁਦਰਭਿਸ਼ੇਕ ਜੈਨ ਅਤੇ ਨਮਨ ਜੈਨ ਨਾਮ ਦੇ ਦੋ ਭਰਾਵਾਂ ਨੇ ਬੂਥ ਨੰਬਰ 130 ਅਤੇ 131 'ਤੇ 18 ਵਾਰ ਵੋਟ ਪਾਈ।ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਚੋਣ ਕਮਿਸ਼ਨ ਚਾਹੇ ਤਾਂ ਉਹ ਇੱਕ ਸਧਾਰਨ ਪ੍ਰਕਿਰਿਆ ਰਾਹੀਂ ਇੱਕੋ ਜਿਹੀਆਂ ਫੋਟੋਆਂ ਜਾਂ ਪਤਿਆਂ ਵਾਲੇ ਸਾਰੇ ਜਾਅਲੀ ਵੋਟਰਾਂ ਦੀ ਤੁਰੰਤ ਪਛਾਣ ਕਰ ਸਕਦਾ ਹੈ, ਪਰ ਅਜਿਹਾ ਨਹੀਂ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਇੱਕ ਵੀਡੀਓ ਵੀ ਚਲਾਇਆ, ਜਿਸ ਵਿੱਚ ਸੈਣੀ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਇਹ ਕਹਿੰਦੇ ਦਿਖਾਈ ਦਿੱਤੇ ਕਿ ਭਾਜਪਾ ਇੱਕਪਾਸੜ ਸਰਕਾਰ ਬਣਾ ਰਹੀ ਹੈ। ਰਾਹੁਲ ਗਾਂਧੀ ਨੇ ਇਸ ਵੀਡੀਓ ਨੂੰ ਸਾਜ਼ਿਸ਼ ਦਾ ਸਬੂਤ ਦੱਸਿਆ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਕਾਂਗਰਸੀ ਉਮੀਦਵਾਰਾਂ ਨੂੰ ਵੋਟਰ ਸੂਚੀ ਵਿੱਚ ਬੇਨਿਯਮੀਆਂ ਬਾਰੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ।
ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲੀ ਵਾਰ ਡਾਕ ਵੋਟਾਂ ਅਤੇ ਅੰਤਿਮ ਨਤੀਜੇ ਵਿੱਚ ਬਹੁਤ ਵੱਡਾ ਫ਼ਰਕ ਸੀ। ਜਦੋਂ ਅਸੀਂ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਨੌਜਵਾਨਾਂ ਦਾ ਭਵਿੱਖ ਚੋਰੀ ਕਰ ਲਿਆ ਗਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਬਿਹਾਰ ਵਿੱਚ ਵੀ ਇਹੀ ਪੈਟਰਨ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕੁਝ ਵੋਟਰਾਂ ਨੂੰ ਸਟੇਜ 'ਤੇ ਬੁਲਾਇਆ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਮ ਬਿਨਾਂ ਕਿਸੇ ਕਾਰਨ ਵੋਟਰ ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਸਿਰਫ਼ ਜੇਨ-ਜੀ ਅਤੇ ਨੌਜਵਾਨ ਹੀ ਸੱਚਾਈ ਅਤੇ ਅਹਿੰਸਾ ਦੇ ਮਾਰਗ 'ਤੇ ਚੱਲ ਕੇ ਲੋਕਤੰਤਰ ਨੂੰ ਬਚਾ ਸਕਦੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ