
ਰਾਜਪੁਰਾ, ਪਟਿਆਲਾ, 6 ਨਵੰਬਰ (ਹਿੰ. ਸ.)। ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ.ਏ.ਕਿਉ.ਐਮ) ਦੇ ਚੇਅਰਮੈਨ ਰਾਜੇਸ਼ ਵਰਮਾ ਨੇ ਅੱਜ ਕਿਹਾ ਹੈ ਕਿ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਵਿੱਚ ਹੁਣ ਪਰਾਲੀ ਕਰਾਂਤੀ ਆ ਰਹੀ ਹੈ।ਉਹ ਪਟਿਆਲਾ ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਦਾ ਜਾਇਜ਼ਾ ਲੈਂਦੇ ਹੋਏ ਨਾਭਾ ਪਾਵਰ ਲਿਮਟਿਡ, ਤਾਪ ਬਿਜਲੀ ਘਰ ਰਾਜਪੁਰਾ ਵਿਖੇ ਬਾਇਉਮਾਸ ਪੈਲੇਟਸ ਕੋਲੇ ਵਿੱਚ ਮਿਲਾਉਣ ਦੀ ਪ੍ਰਕਿਰਿਆ ਦਾ ਨਿਰੀਖਣ ਕਰਨ ਪੁੱਜੇ ਹੋਏ ਸਨ। ਉਨ੍ਹਾਂ ਦੇ ਨਾਲ ਸੀ.ਏ.ਕਿਉ.ਐਮ ਦੇ ਮੈਂਬਰ ਸਕੱਤਰ ਤਰੁਨ ਕੁਮਾਰ ਪਿਥੋੜੇ ਵੀ ਮੌਜੂਦ ਸਨ।
ਇਸ ਮੌਕੇ ਚੇਅਰਮੈਨ ਆਰ ਕੇ ਵਰਮਾ ਨੇ ਕਿਹਾ ਕਿ ਉਨ੍ਹਾਂ ਨੇ ਦੇਖਿਆ ਹੈ ਕਿ ਪਰਾਲੀ ਹੁਣ ਕਿਸਾਨਾਂ ਦੀ ਆਮਦਨ ਦਾ ਜਰੀਆ ਬਣ ਗਈ ਹੈ। ਉਨ੍ਹਾਂ ਕਿਹਾ ਹਰੀ ਕ੍ਰਾਂਤੀ ਤੋਂ ਬਾਅਦ ਕਿਸਾਨ ਪਰਾਲੀ ਕ੍ਰਾਂਤੀ ਵੱਲ ਵਧ ਰਹੇ ਹਨ ਜਿਸ ਕਾਰਨ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਪਰਾਲੀ ਸਾੜਨ ਦਾ ਰੁਝਾਨ ਘਟਿਆ ਨਜ਼ਰ ਆਇਆ ਹੈ। ਉਨ੍ਹਾਂ ਨੇ ਪੰਜਾਬ ਵਿੱਚ ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ‘ਤੇ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪਿਛਲੇ ਸਾਲ 13 ਨਵੰਬਰ ਨੂੰ ਪੰਜਾਬ ਆਏ ਸਨ ਅਤੇ ਸਾਰੇ ਪਾਸੇ ਧੂੰਆਂ ਨਜ਼ਰ ਆ ਰਿਹਾ ਸੀ ਤੇ ਅੱਜ ਧੁੱਪ ਖਿੜੀ ਹੋਈ ਹੈ ਜਦਕਿ ਇੱਕ ਦਿਨ ਪਹਿਲਾਂ ਹੀ ਗੁਰਪੁਰਬ ਮਨਾਉਣ ਦੌਰਾਨ ਆਤਿਸ਼ਬਾਜੀ ਵੀ ਹੋਈ ਹੈ।
ਇਸ ਮੌਕੇ ਪੰਜਾਬ ਦੇ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਸਕੱਤਰ ਪ੍ਰਿਆਂਕ ਭਾਰਤੀ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਬੰਧਕੀ ਸਕੱਤਰ ਅਰਸ਼ਦੀਪ ਸਿੰਘ ਥਿੰਦ ਨੇ ਚੇਅਰਮੈਨ ਨੂੰ ਦੱਸਿਆ ਕਿ ਰਾਜ ਵਿੱਚ ਪਰਾਲੀ ਪ੍ਰਬੰਧਨ ਦਾ ਸੀਜ਼ਨ ਕਰੀਬ 40 ਦਿਨਾਂ ਤੱਕ ਦਾ ਹੋਣ ਕਾਰਨ ਪਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ ਬਾਕੀ ਸਾਰਾ ਖੜੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਰਕੇ ਪੰਜਾਬ ਸਰਕਾਰ ਨੇ ਇਹ ਮਸ਼ੀਨਾਂ ਕਣਕ ਦੇ ਨਾੜ ਨੂੰ ਸੰਭਾਲਣ ਲਈ ਵਰਤਣ ਦਾ ਤਜਰਬਾ ਕੀਤਾ ਸੀ ਜੋ ਸਫਲ ਨਾ ਹੋਣ ਕਾਰਨ ਹੁਣ ਇਹ ਮਸ਼ੀਨਾਂ ਗੰਨੇ ਦੀ ਰਹਿੰਦ-ਖੂੰਹਦ ਨੂੰ ਸੰਭਾਲਣ ਲਈ ਤਜਰਬੇ ਕੀਤਾ ਜਾ ਰਿਹਾ, ਜਿਸ ਨਾਲ ਮਸ਼ੀਨਰੀ ਦੀ ਲਾਗਤ ਘਟੇਗੀ ਅਤੇ ਪਰਾਲੀ ਪ੍ਰਬੰਧਨ ਹੋਰ ਵੀ ਬਿਹਤਰ ਹੋਵੇਗਾ।
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਝੋਨੇ ਦੀ ਕਟਾਈ ਲਗਭਗ ਮੁਕੰਮਲ ਹੋ ਚੁੱਕੀ ਹੈ ਅਤੇ ਅਗਲੀ ਫ਼ਸਲ ਦੀ ਬਿਜਾਈ ਵੀ 60 ਫੀਸਦੀ ਤੱਕ ਹੋ ਚੁੱਕੀ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਉਪਲਬਧ ਕਰਵਾਉਣ ਸਮੇਤ ਇਸ ਸਬੰਧੀ ਕਿਸਾਨਾਂ ਤੇ ਯੂਨੀਅਨਾਂ ਦੇ ਵਿਵਹਾਰ ‘ਚ ਤਬਦੀਲੀ ਸਦਕਾ ਪਰਾਲੀ ਸਾੜਨ ਦੇ ਮਾਮਲੇ ਇਸ ਵਾਰ ਕਾਫੀ ਘਟੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਸ ਦਿਨ ਤੱਕ 414 ਮਾਮਲੇ ਸਾਹਮਣੇ ਆਏ ਸਨ ਜਦਕਿ ਇਸ ਸਾਲ ਹੁਣ ਤਕ ਕੁੱਲ 168 ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਐਕਸ-ਸੀਟੂ ਦੀ ਬਜਾਏ ਇਨ-ਸੀਟੂ ਪ੍ਰਬੰਧਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਤੇ ਫ਼ਸਲ ਦੀ ਪੈਦਾਵਾਰ ਵੀ ਵੱਧਦੀ ਹੈ।
ਐਲ ਐਂਡ ਟੀ ਵਿਖੇ ਸੀ.ਏ.ਕਿਉ.ਐਮ ਵਫ਼ਦ ਦਾ ਸਵਾਗਤ ਕਰਦਿਆਂ ਨਾਭਾ ਪਾਵਰ ਲਿਮਟਿਡ ਦੇ ਅਧਿਕਾਰੀਆਂ ਰਾਜੇਸ਼ ਕੁਮਾਰ, ਦੇਵਦੱਤ ਸਰਮਾ ਅਤੇ ਗਗਨਵੀਰ ਚੀਮਾ ਨੇ ਯਾਰਡ ਵਿਖੇ ਸੁਪਰਕ੍ਰਿਟੀਕਲ ਬੁਆਇਲਰ ਵਿੱਚ ਬਾਇਓਮਾਸ ਪੈਲੇਟਸ ਕੋਲੇ ਵਿੱਚ ਮਿਲਾਉਣ ਦੀ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਦੱਸਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ