
ਤਰਨ ਤਾਰਨ, 6 ਨਵੰਬਰ (ਹਿੰ. ਸ.)। ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ 11 ਨਵੰਬਰ ਨੂੰ ਹੋ ਰਹੀ ਉਪ ਚੋਣ ਦੌਰਾਨ ਵੋਟਰ ਆਪਣੀ ਵੋਟ ਪਾਉਣ ਲਈ ਵੋਟਰ ਸ਼ਨਾਖ਼ਤੀ ਕਾਰਡ ਤੋਂ ਇਲਾਵਾ 12 ਹੋਰ ਅਧਿਕਾਰਤ ਦਸਤਾਵੇਜ਼ਾਂ ਨੂੰ ਪਹਿਚਾਣ ਦੇ ਸਬੂਤ ਵਜੋਂ ਦਿਖਾ ਕੇ ਵੋਟ ਪਾ ਸਕਣਗੇ।
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੰਦੇ ਹੋਏ 021-ਤਰਨ ਤਾਰਨ ਦੇ ਰਿਟਰਨਿੰਗ ਅਫ਼ਸਰ-ਕਮ-ਐੱਸ.ਡੀ.ਐੱਮ. ਗੁਰਮੀਤ ਸਿੰਘ, ਪੀ.ਸੀ.ਐੱਸ. ਨੇ ਦੱਸਿਆ ਕਿ ਜਿੰਨ੍ਹਾਂ ਵੋਟਰਾਂ ਕੋਲ ਚੋਣ ਫੋਟੋ ਪਹਿਚਾਣ ਪੱਤਰ ਨਹੀਂ ਹਨ, ਉਹ ਆਧਾਰ ਕਾਰਡ, ਮਨਰੇਗਾ ਜੌਬ ਕਾਰਡ, ਬੈਂਕਾਂ/ਡਾਕਖਾਨੇ ਦੁਆਰਾ ਜਾਰੀ ਫੋਟੋ ਸਹਿਤ ਪਾਸਬੁੱਕ, ਕਿਰਤ ਮੰਤਰਾਲੇ ਦੀ ਸਕੀਮ ਤਹਿਤ ਜਾਰੀ ਹੈਲਥ ਸਮਾਰਟ ਕਾਰਡ, ਡਰਾਈਵਿੰਗ ਲਾਇਸੰਸ, ਪੈਨ ਕਾਰਡ, ਐਨ.ਪੀ.ਆਰ. ਅਧੀਨ ਆਰ.ਜੀ.ਆਈ. ਵਲੋਂ ਜਾਰੀ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫੋਟੋ ਸਹਿਤ ਪੈਨਸ਼ਨ ਦਸਤਾਵੇਜ, ਕੇਂਦਰ/ਸੂਬਾ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਿਟਡ ਕੰਪਨੀਆਂ ਦੁਆਰਾ ਆਪਣੇ ਮੁਲਾਜ਼ਮਾਂ ਨੂੰ ਜਾਰੀ ਸਰਵਿਸ ਪਹਿਚਾਣ ਪੱਤਰ, ਐਮ.ਪੀ. ਐਮ.ਐਲ.ਏ. ਨੂੰ ਜਾਰੀ ਪਹਿਚਾਣ ਪੱਤਰ ਅਤੇ ਯੂਨੀਕ ਡਿਸਏਬਿਲਟੀ ਪਹਿਚਾਣ ਪੱਤਰ ਜੋ ਕਿ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਲੋਂ ਜਾਰੀ ਕੀਤਾ ਹੋਵੇ, ਨੂੰ ਦਿਖਾ ਕੇ ਵੀ ਵੋਟ ਪਾ ਸਕਦੇ ਹਨ।
ਰਿਟਰਨਿੰਗ ਅਫ਼ਸਰ ਗੁਰਮੀਤ ਸਿੰਘ ਨੇ ਵਿਧਾਨ ਸਭਾ ਹਲਕਾ ਤਰਨ ਤਾਰਨ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੂਰੇ ਉਤਸ਼ਾਹ ਨਾਲ ਉਪ ਚੋਣ ਵਿੱਚ ਹਿੱਸਾ ਲੈ ਕੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ।
---------------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ