
ਫਾਜ਼ਿਲਕਾ 6 ਨਵੰਬਰ (ਹਿੰ. ਸ.)। ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਜਿੱਥੇ ਲੋਕਾਂ ਨੂੰ ਝੋਨੇ ਦੀ ਪਰਾਲੀ ਨੂੰ ਲੱਗ ਨਾ ਲਗਾਉਣ ਦੀ ਥਾਂ ਖੇਤਾਂ ਵਿੱਚ ਵਾਹੁਣ ਜਾਂ ਫਿਰ ਗੱਠਾ ਬਣਾ ਕੇ ਜਮੀਨ ਵਿੱਚੋਂ ਕੱਢਣ ਤੋਂ ਬਾਅਦ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉੱਥੇ ਹੀ ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਬਲਾਕ ਦੇ ਪਿੰਡ ਪੱਟੀ ਸਦੀਕ ਦੇ ਇੱਕ ਅਗਾਂਹਵਧੂ ਕਿਸਾਨ ਤੇ ਸਟੇਟ ਅਵਾਰਡੀ ਗੁਰਪ੍ਰੀਤ ਸਿੰਘ ਵੱਲੋਂ ਆਪਣੇ ਪਿੰਡ ਵਾਸੀਆਂ ਤੇ ਜ਼ਿਲ੍ਹਾ ਵਾਸੀਆਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ ਅਤੇ ਆਪਣੇ 7 ਏਕੜ ਖੇਤ ਵਿਚਲੀ ਝੋਨੇ ਦੀ ਪਰਾਲੀ ਨੂੰ ਬੇਲਰ ਮਸੀਨ ਰਾਹੀਂ ਗੱਠਾਂ ਬੰਨ੍ਹ ਕੇ ਬਾਹਰ ਕੱਢ ਕੇ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ।
ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਲਗਭਗ 5 ਸਾਲਾਂ ਆਪਣੀ ਝੋਨੇ ਤੇ ਕਣਕ ਦੀ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਉਂਦਾ। ਉਨ੍ਹਾਂ ਕਿਹਾ ਕਿ ਉਹ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਫੈਕਟਰੀ ਵਿੱਚ ਭੇਜ ਦਿੰਦਾ ਹੈ। ਕਿਸਾਨ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਤੋਂ ਬਾਅਦ ਇਸ ਤੋਂ ਪੈਦਾ ਹੋਏ ਧੂੰਏ ਨਾਲ ਨਾ ਸਿਰਫ ਵਾਤਾਵਰਨ ਹੀ ਪ੍ਰਦੂਸ਼ਿਤ ਹੁੰਦਾ ਹੈ ਸਗੋਂ ਅਨੇਕਾਂ ਸੜਕੀ ਦੁਰਘਟਨਾਵਾਂ ਵੀ ਪੈਦਾ ਹੁੰਦੀਆਂ ਹਨ। ਸਾਨੂੰ ਸਾਰਿਆਂ ਨੂੰ ਆਪਣੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਗੱਠਾ ਬਣਾ ਕੇ ਖੇਤਾਂ ਵਿੱਚ ਬਾਹਰ ਕੱਢ ਕੇ ਜ਼ਮੀਨ ਵਾਹੁਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਸਾਡੀ ਜਮੀਨ ਦੀ ਉਪਜਾਊ ਸਕਤੀ ਵੀ ਵਧੇਗੀ ਅਤੇ ਜਮੀਨ ਵਿਚਲੇ ਮਿੱਤਰ ਕੀੜੇ ਵੀ ਨਸਟ ਨਹੀਂ ਹੋਣਗੇ ਅਤੇ ਸਾਡੀ ਅਗਲੀ ਫਸਲ ਦਾ ਝਾੜ ਵੀ ਵਧੇਗਾ।
ਕਿਸਾਨ ਨੇ ਅੱਗੇ ਦੱਸਿਆ ਕਿ ਉਸ ਨੇ ਕਣਕ ਤੇ ਝੋਨੇ ਦੀ ਫਸਲ ਤੋਂ ਇਲਾਵਾ 10 ਏਕੜ ਵਿੱਚ ਤੁਪਕਾ ਸਿੰਚਾਈ ਰਾਹੀਂ ਕਿੰਨੂੰ ਦੀ ਕਾਸ਼ਤ ਵੀ ਕਰਦਾ ਹੈ। ਖੇਤੀਬਾੜੀ ਤੋਂ ਇਲਾਵਾ ਉਹ ਡੇਅਰੀ ਤੇ ਮੱਛੀ ਪਾਲਣ ਦੇ ਧੰਦੇ ਨਾਲ ਵੀ ਜੁੜਿਆ ਹੋਇਆ ਹੈ। ਫਸਲੀ ਵਿਭਿੰਨਤਾ ਨੂੰ ਅਪਣਾਉਂਦਿਆਂ ਉਸ ਨੇ 2014 ਤੋਂ ਡੇਅਰੀ ਵਿਭਾਗ ਤੋਂ 45 ਦਿਨਾਂ ਦੀ ਸਿਖਲਾਈ ਲੈ ਕੇ ਵੱਖ ਵੱਖ ਨਸਲਾਂ ਦੀਆਂ ਗਾਵਾਂ 10 ਗਾਵਾਂ ਤੋਂ ਧੰਦਾ ਸ਼ੁਰੂ ਕੀਤਾ ਹੋਇਆ ਹੈ ਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਬਦਲੇ ਉਹ ਰਾਜ ਤੇ ਜ਼ਿਲ੍ਹਾ ਪੱਧਰੀ ਸਮਾਗਮਾਂ ਵਿੱਚ ਸਨਮਾਨਿਤ ਵੀ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਅਰਵਿੰਦ ਅਹਿਲਾਵਤ ਦੇ ਸੰਪਰਕ ਵਿੱਚ ਹਨ ਤੇ ਉਨ੍ਹਾਂ ਤੋਂ ਆਧੁਨਿਕ ਤਰੀਕੇ ਨਾਲ ਖੇਤੀ ਕਰਨ ਦੇ ਢੰਗਾਂ ਬਾਰੇ ਜਾਣਿਆ ਹੈ ਤੇ ਆਧੁਨਿਕ ਖੇਤੀ ਨੂੰ ਅਪਣਾਇਆ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ