
ਫਾਜ਼ਿਲਕਾ 6 ਨਵੰਬਰ (ਹਿੰ. ਸ.)। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਫਾਜ਼ਿਲਕਾ ਦੇ ਪਿੰਡ ਬਹਿਕ ਖਾਸ ਵਿਖੇ ਬੀਜ ਵੰਡ ਅਤੇ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਹ ਕੈਂਪ ਹੜ੍ਹਾਂ ਦੀ ਮਾਰ ਝੱਲ ਰਹੇ ਸਰਹੱਦੀ ਖੇਤਰਾਂ ਦੇ ਕਿਸਾਨਾਂ ਦੇ ਤੁਰੰਤ ਪੁਨਰਵਾਸ ਲਈ ਇੱਕ ਅਹਿਮ ਰੋਲ ਅਦਾ ਕਰੇਗਾ। ਇਹ ਪ੍ਰੋਗਰਾਮ ਫਾਰਮ ਸਲਾਹਕਾਰ ਸੇਵਾ ਕੇਂਦਰ ਅਤੇ ਖੇਤਰੀ ਖੋਜ ਕੇਂਦਰ ਅਬੋਹਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਦੇ ਤਹਿਤ ਸਾਂਝੇ ਤੌਰ ਤੇ ਕਰਵਾਇਆ ਗਿਆ। ਸਮਾਗਮ ਦੀ ਅਗਵਾਈ ਡਾ. ਸਤਬੀਰ ਸਿੰਘ ਗੋਸਲ ਵਾਈਸ ਚਾਂਸਲਰ ਪੀ.ਏ.ਯੂ., ਲੁਧਿਆਣਾ ਨੇ ਕੀਤੀ।
ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਫਾਜ਼ਿਲਕਾ ਦੇ ਪਿੰਡ ਬਹਿਕ ਖਾਸ ਸਮੇਤ ਨਜਦੀਕੀ ਪਿੰਡਾਂ ਤੇ ਢਾਣੀ ਮੋਨਾਰਾਮ ਅਤੇ ਗੁਲਾਮ ਰਸੂਲ ਦੇ ਕਿਸਾਨਾਂ ਨੂੰ ਹੜ੍ਹਾਂ ਦੌਰਾਨ ਭਾਰੀ ਨੁਕਸਾਨ ਝੱਲਣਾ ਪਿਆ ਤੇ ਉਨ੍ਹਾਂ ਦੀ ਝੋਨੇ ਦੀ ਫਸਲ ਪਾਣੀ ਦੀ ਮਾਰ ਹੇਠ ਆ ਗਈ। ਇਸ ਜਾਗਰੂਕਤਾ ਕੈਂਪ ਰਾਹੀਂ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੀ ਸਹਾਇਤਾ ਲਈ ਉੱਨਤ ਕਿਸਮਾਂ ਦਾ ਕਣਕ ਪੀ.ਬੀ.ਡਬਲਯੂ. 766 (ਸੁਨੇਹਰੀ) ਅਤੇ ਗੋਭੀ ਸਰੋਂ ਦੀ ਕਿਸਮ ਜੀ.ਐੱਸ.ਸੀ.-7 ਦਾ ਬੀਜ ਵੰਡਿਆ ਗਿਆ ਤੇ ਕਿਸਾਨਾਂ ਨੂੰ ਹਾੜ੍ਹੀ ਦੀ ਫਸਲ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ।
ਆਪਣੇ ਸੰਬੋਧਨ ਦੌਰਾਨ ਡਾ. ਗੋਸਲ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਮੇਸ਼ਾਂ ਕਿਸਾਨਾਂ ਦੇ ਨਾਲ ਖੜੀ ਰਹੀ ਹੈ ਅਤੇ ਹੁਣ ਕਿਸਾਨਾਂ ਨੂੰ “ਖੇਤੀ ਤੋਂ ਖੇਤੀ ਕਾਰੋਬਾਰ ” ਵੱਲ ਵਧਣ ਦੀ ਲੋੜ ਹੈ ਤਾਂ ਜੋ ਉਹ ਖੁਦਮੁਖਤਿਆਰ ਅਤੇ ਖੁਸ਼ਹਾਲ ਬਣ ਸਕਣ। ਉਨ੍ਹਾਂ ਕਿਹਾ, “ਕਿਸਾਨੀ ਦਾ ਭਵਿੱਖ ਉਦਯੋਗਪਤੀ ਵਾਂਗ ਸੋਚਣ ਵਿੱਚ ਹੈ — ਉਤਪਾਦ ਵਿੱਚ ਮੁੱਲ ਜੋੜਨਾ, ਸਹਾਇਕ ਧੰਦੇ ਅਪਣਾਉਣਾ ਅਤੇ ਆਮਦਨ ਦੇ ਨਵੇਂ ਸਰੋਤ ਖੋਲ੍ਹਣੇ ਹੀ ਖੁਸ਼ਹਾਲੀ ਦਾ ਰਾਹ ਹਨ।
ਡਾ. ਭੁੱਲਰ ਨੇ ਕਿਸਾਨਾਂ ਨੂੰ ਸੁਧਰੇ ਬੀਜਾਂ ਦੇ ਸਹੀ ਸਮੇਂ ਤੇ ਢੰਗ ਨਾਲ ਬੀਜਣ, ਮਿੱਟੀ ਦੀ ਸਿਹਤ ਸੁਧਾਰਨ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਵਿਗਿਆਨੀਆਂ ਨਾਲ ਸੰਪਰਕ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ। ਡਾ. ਢਿੱਲੋਂ ਨੇ ਕਿਸਾਨਾਂ ਨੂੰ ਫਸਲ ਵਿਭਿੰਨਤਾ ਅਪਣਾਉਣ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਸਬਜ਼ੀਆਂ, ਤੇਲ ਬੀਜ ਫਸਲਾਂ ਤੇ ਚਾਰੇ ਦੀ ਕਾਸ਼ਤ ਰਾਹੀਂ ਆਮਦਨ ਦੇ ਸਰੋਤ ਵਧਾਏ ਜਾ ਸਕਦੇ ਹਨ।
ਡਾ. ਜਗਦੀਸ਼ ਅਰੋੜਾ ਨੇ ਕਿਸਾਨਾਂ ਨੂੰ ਮੱਖੀ-ਪਾਲਣ, ਸਬਜ਼ੀ ਨਰਸਰੀ ਤਿਆਰ ਕਰਨਾ ਤੇ ਪੌਧਿਆਂ ਦੀ ਵਿਕਰੀ ਵਰਗੀਆਂ ਸਹਾਇਕ ਗਤੀਵਿਧੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ, ਜੋ ਨਾ ਸਿਰਫ਼ ਆਮਦਨ ਵਧਾਉਂਦੀਆਂ ਹਨ ਸਗੋਂ ਹੜ੍ਹਾਂ ਵਰਗੀਆਂ ਸਥਿਤੀਆਂ ਵਿੱਚ ਜੀਵਿਕਾ ਸੁਰੱਖਿਆ ਵੀ ਦਿੰਦੀਆਂ ਹਨ। ਡਾ. ਮਨਪ੍ਰੀਤ ਸਿੰਘ, ਪ੍ਰਿੰਸਿਪਲ ਅਗਰੋਨਾਮਿਸਟ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਦੀ ਤਿਆਰੀ, ਬੀਜ ਸੋਧ, ਨਦੀਨਾਂ ਦਾ ਪ੍ਰਬੰਧਨ ਅਤੇ ਖਾਦ ਪ੍ਰਬੰਧਨ ਬਾਰੇ ਵਿਸਥਾਰ ਨਾਲ ਦਿਸ਼ਾ-ਨਿਰਦੇਸ਼ ਦਿੱਤੇ ਤਾਂ ਜੋ ਹੜ੍ਹ -ਪ੍ਰਭਾਵਿਤ ਖੇਤਰਾਂ ਵਿੱਚ ਵਧੀਆ ਖੇਤੀ ਹਾਸਲ ਕੀਤੀ ਜਾ ਸਕੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ