
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਨਵੰਬਰ (ਹਿੰ. ਸ.)। ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ., ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਭੈੜੇ ਅਨਸਰਾਂ ਤੇ ਅਪਰਾਧੀਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ, ਮੋਹਾਲੀ ਪੁਲਿਸ ਵੱਲੋਂ ਭਗੌੜਿਆਂ (ਪੀ.ਓਜ਼) ਨੂੰ ਗ੍ਰਿਫਤਾਰ ਕਰਨ ਦੇ ਯਤਨਾਂ ਵਿੱਚ ਇਕ ਹੋਰ ਮਹੱਤਵਪੂਰਨ ਕਾਮਯਾਬੀ ਪ੍ਰਾਪਤ ਕੀਤੀ ਗਈ ਹੈ।
ਇਸ ਮੁਹਿੰਮ ਹੇਠ ਐੱਸ.ਐੱਸ.ਪੀ. ਮੋਹਾਲੀ ਵੱਲੋਂ ਪੀ.ਓ. ਸਟਾਫ ਗਠਿਤ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਟਾਸਕ ਦਿੱਤੇ ਗਏ ਹਨ ਤਾਂ ਜੋ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾ ਸਕੇ। ਇਹਨਾਂ ਯਤਨਾਂ ਤਹਿਤ ਸ਼੍ਰੀ ਸੌਰਭ ਜਿੰਦਲ, ਪੀ.ਪੀ.ਐਸ. (ਕਪਤਾਨ ਪੁਲਿਸ-ਜਾਂਚ) ਅਤੇ ਸ਼੍ਰੀ ਨਵੀਨਪਾਲ ਸਿੰਘ ਲਹਿਲ, ਪੀ.ਪੀ.ਐਸ. (ਉਪ ਕਪਤਾਨ-ਸਪੈਸ਼ਲ ਕ੍ਰਾਈਮ) ਦੀ ਰਹਿਨੁਮਾਈ ਅਤੇ ਨਿਗਰਾਨੀ ਹੇਠ ਇੰਚਾਰਜ ਪੀ.ਓ. ਸਟਾਫ ਐਸ.ਆਈ. ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਮਹੱਤਵਪੂਰਨ ਕਾਰਵਾਈ ਕਰਦਿਆਂ ਦੋਸ਼ੀ/ਭਗੌੜਾ ਗੌਰਵ ਕੁਮਾਰ ਪੁੱਤਰ ਸਤਵੀਰ ਸਿੰਘ ਵਾਸੀ ਪਿੰਡ ਪਿੱਪਾਲਾ, ਥਾਣਾ ਔਰੰਗਾਬਾਦ, ਜ਼ਿਲ੍ਹਾ ਬੁਲੰਦ ਸ਼ਹਿਰ (ਯੂ.ਪੀ.), ਜੋ ਨੋਇਡਾ (ਯੂ.ਪੀ.) ਵਿੱਚ ਛੁਪ ਕੇ ਰਹਿ ਰਿਹਾ ਸੀ, ਨੂੰ ਮਿਤੀ 06.11.2025 ਨੂੰ ਗ੍ਰਿਫਤਾਰ ਕੀਤਾ ਹੈ।
ਉਕਤ ਦੋਸ਼ੀ ਵਿਰੁੱਧ ਮੁਕੱਦਮਾ ਨੰਬਰ 150 ਮਿਤੀ 23.09.2017 ਧਾਰਾ 302, 411, 449, 465, 468, 471, 201 ਆਈ.ਪੀ.ਸੀ. ਤਹਿਤ ਥਾਣਾ ਮਟੋਰ, ਮੋਹਾਲੀ ਵਿੱਚ ਦਰਜ ਹੈ। ਜਾਂਚ ਦੌਰਾਨ ਦੋਸ਼ੀ ਉੱਤੇ ਆਰੋਪ ਲਗਾਇਆ ਗਿਆ ਸੀ ਕਿ ਉਸ ਨੇ ਪੱਤਰਕਾਰ ਕਰਨਜੀਤ ਸਿੰਘ ਉਰਫ਼ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਦਾ ਮਿਤੀ 22-23 ਸਤੰਬਰ 2017 ਦੀ ਦਰਮਿਆਨੀ ਰਾਤ ਨੂੰ ਘਰ ਅੰਦਰ ਦਾਖਲ ਹੋ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਅਦਾਲਤ ਵੱਲੋਂ ਸਾਲ 2022 ਵਿੱਚ ਦੋਸ਼ੀ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ।
ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ. ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਮਾਮਲਿਆਂ ਵਿੱਚ ਭਗੌੜਿਆਂ ਅਤੇ ਪੀ.ਓਜ਼ ਦੀ ਗ੍ਰਿਫਤਾਰੀ ਲਈ ਚਲਾਈ ਗਈ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਹਰ ਅਪਰਾਧੀ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ