ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਟਿਆਲਾ 'ਚ ਹੋਣ ਵਾਲੇ ਸਮਾਗਮਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸੰਗਤ 'ਚ ਉਤਸ਼ਾਹ: ਡਾ. ਪ੍ਰੀਤੀ ਯਾਦਵ
ਪਟਿਆਲਾ, 8 ਨਵੰਬਰ (ਹਿੰ. ਸ.)। ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਯਾਦਗਾਰੀ ਸਮਾਗਮਾਂ ਦੀ ਸ਼ੁਰੂਆਤ ਲਾਈਟ ਐਂਡ ਸਾਊਂਡ ਸ਼ੋਅ ਨਾਲ ਹੋ ਚੁੱਕੀ ਹੈ।
,


ਪਟਿਆਲਾ, 8 ਨਵੰਬਰ (ਹਿੰ. ਸ.)। ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਯਾਦਗਾਰੀ ਸਮਾਗਮਾਂ ਦੀ ਸ਼ੁਰੂਆਤ ਲਾਈਟ ਐਂਡ ਸਾਊਂਡ ਸ਼ੋਅ ਨਾਲ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ 36 ਅਸਥਾਨ, ਜ਼ਿਨ੍ਹਾਂ ਵਿੱਚੋਂ 30 ਅਸਥਾਨਾਂ ਵਿਖੇ ਸਥਾਨਕ ਸੰਗਤ ਦੇ ਸਹਿਯੋਗ ਤੇ ਪ੍ਰਬੰਧਕ ਕਮੇਟੀ ਨਾਲ ਮਿਲਕੇ ਵੱਖ-ਵੱਖ ਧਾਰਮਿਕ ਸਮਾਗਮ ਉਲੀਕੇ ਗਏ ਹਨ।

ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਮਹੀਨੇ ਦੌਰਾਨ ਪਟਿਆਲਾ ਵਿਖੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਇੱਕ ਵਿਸ਼ੇਸ਼ ਕੀਰਤਨ ਸਮਾਗਮ ਕਰਵਾਇਆ ਜਾਵੇਗਾ ਉਥੇ ਸ੍ਰੀ ਤਲਵੰਡੀ ਸਾਬੋ (ਬਠਿੰਡਾ) ਤੋਂ ਚੱਲਣ ਵਾਲੀ ਧਾਰਮਿਕ ਯਾਤਰਾ 21 ਨਵੰਬਰ ਕਰੀਬ 12 ਵਜੇ ਪਟਿਆਲਾ ਵਿਖੇ ਪੁੱਜੇਗੀ ਤੇ ਇਸੇ ਦਿਨ ਅੱਗੇ ਮੋਹਾਲੀ ਜ਼ਿਲ੍ਹੇ ਲਈ ਰਵਾਨਾ ਹੋਵੇਗੀ। ਇਸ ਯਾਤਰਾ ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਪਟਿਆਲਾ ਪੁਲਿਸ ਵੱਲੋਂ ਗਾਰਡ ਆਫ਼ ਆਨਰ ਦਿੱਤਾ ਜਾਵੇਗਾ ਅਤੇ ਇਸ ਯਾਤਰਾ ਦੀ ਆਮਦ ਦੇ ਰੂਟ ਦੁਆਲੇ ਸ਼ਰਾਬ ਦੇ ਠੇਕੇ, ਮੀਟ ਦੀਆਂ ਦੁਕਾਨਾਂ ਤੇ ਰੇਹੜੀਆਂ ਆਦਿ ਬੰਦ ਰਹਿਣਗੀਆਂ।

ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਜ਼ਿਲ੍ਹੇ ਦੀ ਸੰਗਤ ਵੱਲੋਂ 4 ਨਵੰਬਰ ਨੂੰ ਹਿੰਦ ਦੀ ਚਾਦਰ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨ ਲਈ ਧੰਨਵਾਦ ਕਰਦਿਆਂ ਬੇਨਤੀ ਕੀਤੀ ਕਿ ਅਗਲੇ ਸਮਾਗਮਾਂ ਵਿੱਚ ਵੀ ਸੰਗਤ ਇਸੇ ਤਰ੍ਹਾਂ ਵੱਧ-ਚੜ੍ਹਕੇ ਹਿੱਸਾ ਲੈਣ ਦੀ ਖੇਚਲ ਕਰੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਨੂੰ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹੇ ਦੀ ਸੰਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਵਰਗੀ ਮਿਸਾਲ ਦੁਨੀਆਂ ਵਿੱਚ ਹੋਰ ਕਿਧਰੇ ਨਹੀ ਮਿਲਦੀ, ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਵੱਡੇ ਪ੍ਰੋਗਰਾਮ ਉਲੀਕੇ ਹਨ।

ਉਨ੍ਹਾਂ ਦੱਸਿਆ ਕਿ ਪਟਿਆਲਾ ਵਿਖੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੋਂ ਇਲਾਵਾ, ਗੁਰਦੁਆਰਾ ਮੋਤੀ ਬਾਗ ਸਾਹਿਬ, ਗੁਰਦੁਆਰਾ ਸਾਹਿਬ ਬੀੜ ਬਹਾਦਰਗੜ੍ਹ, ਉਗਾਣੀ, ਮਗਰ ਸਾਹਿਬ, ਬੀਬੀਪੁਰ ਖੁਰਦ, ਮਹਿਮੂਦਪੁਰ ਜੱਟਾਂ, ਸੀਲ, ਹਰਪਾਲਪੁਰ, ਕਬੂਲਪੁਰ ਹਸਨਪੁਰ, ਲੋਹ ਅਸਿੰਬਲੀ, ਬੁਧਮੋਰ, ਧੰਗੇੜਾ, ਰੋਹਟਾ ਸਾਹਿਬ, ਥੂਹੀ, ਗੁਣੀਕੇ, ਗੁਰਦੁਆਰਾ ਥੜਾ ਸਾਹਿਬ ਸਮਾਣਾ, ਕਰਹਾਲੀ ਸਾਹਿਬ, ਬਹਿਰਜੱਛ, ਰੀਠਖੇੜੀ, ਲੰਗ, ਮਹਿੰਦਰਗੰਜ, ਢਕਾਨਸੂ ਕਲਾਂ, ਅਗੌਲ, ਸਿੰਬੜੋ, ਰਾਮਗੜ੍ਹ ਬੌੜਾਂ ਕਲਾਂ, ਕੋਟਲੀ, ਦੋਦੜਾ, ਟਹਿਲਪੁਰਾ ਤੇ ਦੂਧਨਸਾਧਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਅਸਥਾਨ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਥਾਨਾਂ ਨੇੜੇ ਵਿਕਾਸ ਕਾਰਜਾਂ ਲਈ ਵਿਸ਼ੇਸ਼ ਯੋਜਨਾ ਤਹਿਤ ਕਾਰਜ ਹੋ ਰਹੇ ਹਨ।

ਮੀਟਿੰਗ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਗਮਾਂ ਦੇ ਪ੍ਰਬੰਧਾਂ 'ਚ ਕੋਈ ਕਮੀ ਨਾ ਛੱਡੀ ਜਾਵੇ। ਉਨ੍ਹਾਂ ਨੇ ਸਫ਼ਾਈ, ਸੜਕਾਂ ਦੀ ਮੁਰੰਮਤ ਤੇ ਸਜਾਵਟ ਸਮੇਤ ਹੋਰ ਪ੍ਰਬੰਧਾਂ ਬਾਰੇ ਵਿਸਥਾਰ 'ਚ ਚਰਚਾ ਕੀਤੀ ਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande