
ਚੰਡੀਗੜ੍ਹ, 8 ਨਵੰਬਰ (ਹਿੰ. ਸ.)। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਬੀਬੀ ਪਰਮਜੀਤ ਕੌਰ ਗੁਲਸ਼ਨ ਸਾਬਕਾ ਸਾਂਸਦ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਮਰਹੂਮ ਸਿਆਸਤਦਾਨ ਅਤੇ ਦੇਸ਼ ਦੇ ਵੱਡੇ ਦਲਿਤ ਨੇਤਾ ਬੂਟਾ ਸਿੰਘ ਬਾਰੇ ਕੀਤੀ ਟਿੱਪਣੀ ਨੂੰ ਸਿਆਸੀ ਸਮਝ ਦਾ ਨਿਕਲ ਚੁੱਕਾ 'ਜਨਾਜ਼ਾ' ਕਰਾਰ ਦਿੱਤਾ ਹੈ। ਬੀਬੀ ਗੁਲਸ਼ਨ ਨੇ ਕਿਹਾ ਕਿ, ਦੇਸ਼ ਵਿੱਚ ਹੁਣ ਤੱਕ ਦਲਿਤ ਭਾਈਚਾਰੇ ਦੇ ਬਲਬੂਤੇ ਦੇਸ਼ ਵਿੱਚ ਕਈ ਸਾਲ ਤਕ ਰਾਜ ਕਰਨ ਵਾਲੀ ਕਾਂਗਰਸ ਦੀ ਦਲਿਤ ਭਾਈਚਾਰੇ ਬਾਰੇ ਸੌੜੀ ਸੋਚ ਅੱਜ ਜੱਗ ਜਾਹਿਰ ਹੋ ਚੁੱਕੀ ਹੈ। ਬੀਬੀ ਗੁਲਸ਼ਨ ਨੇ ਜਾਰੀ ਬਿਆਨ ਵਿੱਚ ਕਿਹਾ ਕਿ, ਰਾਜਾ ਵੜਿੰਗ ਦੇ ਬਿਆਨ ਨੂੰ ਸਿਰਫ ਇੱਕ ਕਾਂਗਰਸੀ ਆਗੂ ਦੇ ਬਿਆਨ ਦੇ ਤੌਰ ਤੇ ਨਾ ਵੇਖਿਆ ਜਾਵੇ, ਇਹ ਬਿਆਨ ਕਾਂਗਰਸ ਦੀ ਦਲਿਤ ਵਿਰੋਧੀ ਸੋਚ ਦਾ ਸਬੂਤ ਹੈ। ਇਹ ਬਿਆਨ ਸਾਫ ਕਰਦਾ ਹੈ ਕਿ ਕਾਂਗਰਸ ਨੇ ਹਮੇਸ਼ਾ ਦਲਿਤ ਆਗੂਆਂ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਲੋੜ ਵਾਂਗ ਵਰਤਿਆ ਨਾ ਕਿ ਦਲਿਤ ਲੀਡਰ ਦੇ ਤਜੁਰਬੇ ਅਤੇ ਯੋਗਤਾ ਦਾ ਸਤਿਕਾਰ ਕੀਤਾ।ਬੀਬੀ ਗੁਲਸ਼ਨ ਨੇ ਜਾਰੀ ਬਿਆਨ ਸਮੁੱਚੀ ਕਾਂਗਰਸ ਲੀਡਰਸ਼ਿਪ ਨੂੰ ਸਵਾਲ ਕਰਦਿਆਂ ਪੁੱਛਿਆ ਕਿ, ਕੀ ਇੱਕ ਦਲਿਤ ਨੂੰ ਕਿਸੇ ਵੱਡੇ ਮੁਕਾਮ ਤੱਕ ਪਹੁੰਚਣ ਲਈ ਕਿਸੇ ਦੇ ਰਹਿਮੋਕਰਮ ਦੀ ਲੋੜ ਹੁੰਦੀ ਹੈ। ਬੀਬੀ ਗੁਲਸ਼ਨ ਨੇ ਰਾਜਾ ਵੜਿੰਗ ਦੇ ਬਿਆਨ ਨੂੰ ਦਲਿਤ ਸਮਾਜ ਲਈ ਕਾਂਗਰਸ ਦੀ ਬੇਹੱਦ ਛੋਟੀ ਸੋਚ ਅਤੇ ਦਲਿਤ ਵਿਰੋਧੀ ਮਾਨਸਿਕਤਾ ਕਰਾਰ ਦਿੱਤਾ। ਬੀਬੀ ਗੁਲਸ਼ਨ ਨੇ ਕਿਹਾ ਕਿ, ਰਾਜਾ ਵੜਿੰਗ ਨੂੰ ਯਾਦ ਕਰਵਾਇਆ ਕਿ ਸਰਦਾਰ ਬੂਟਾ ਸਿੰਘ ਪੀਐੱਚਡੀ ਸਨ। ਬੀਬੀ ਗੁਲਸ਼ਨ ਨੇ ਰਾਜਾ ਵੜਿੰਗ ਤੇ ਤਿੱਖਾ ਸਿਆਸੀ ਹਮਲਾ ਕਰਦੇ ਕਿਹਾ ਕਿ,ਬੂਟਾ ਸਿੰਘ ਨੇ ਵੱਡੇ ਅਹੁਦਿਆਂ ਤੇ ਰਹਿ ਕੇ ਉਸ ਵੇਲੇ ਸਬਵੇ ਦੀ ਤਰਜ ’ਤੇ ਖੁੱਲ੍ਹੇ ਵੱਡੇ ਵਪਾਰਕ ਅਦਾਰਿਆਂ ਵਿੱਚ ਹਿੱਸੇਦਾਰੀ ਦੇ ਸੌਦੇ ਨਹੀਂ ਕੀਤੇ ਸਨ। ਬੀਬੀ ਗੁਲਸ਼ਨ ਨੇ ਕਿਹਾ ਕਿ ਜਦੋਂ ਵੀ ਕਾਂਗਰਸ ਨੇ ਨੈਸ਼ਨਲ ਪੱਧਰ ਜਾਂ ਪੰਜਾਬ ਪੱਧਰ ਤੇ ਆਪਣੀ ਪਕੜ ਕਮਜੋਰ ਸਮਝੀ ਤਾਂ ਦਲਿਤ ਆਗੂਆਂ ਜਰੀਏ ਵੋਟ ਬਟੋਰਨ ਦੀ ਕੋਸ਼ਿਸ਼ ਕੀਤੀ, ਇਸੇ ਸੋਚ ਦੇ ਚਲਦੇ ਅੱਜ ਕਿਸੇ ਵੀ ਦਲਿਤ ਆਗੂ ਦਾ ਕਾਂਗਰਸ ਵਿੱਚ ਸਤਿਕਾਰ ਨਹੀਂ ਰਿਹਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ