
ਫ਼ਿਰੋਜ਼ਪੁਰ, 8 ਨਵੰਬਰ (ਹਿੰ. ਸ.)। ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਵਾਸੀਆਂ ਨੂੰ ਨਵੀ ਸੌਗਾਤ ਦਿੰਦੇ ਹੋਏ 4 ਨਵੀਆਂ ਵੰਦੇ ਭਾਰਤ ਰੇਲਗੱਡੀਆਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਤਹਿਤ ਫਿਰੋਜ਼ਪੁਰ ਤੋਂ ਦਿੱਲੀ ਲਈ ਵੀ ਵੰਦੇ ਭਾਰਤ ਰੇਲਗੱਡੀ ਸ਼ੁਰੂ ਕੀਤੀ ਗਈ ਹੈ, ਜਿਸ ਨੂੰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਇਹ ਰੇਲਗੱਡੀ ਫਿਰੋਜ਼ਪੁਰ ਤੋਂ ਦਿੱਲੀ ਅਤੇ ਦਿੱਲੀ ਤੋਂ ਫਿਰੋਜ਼ਪੁਰ ਤੱਕ ਚੱਲੇਗੀ। ਰੋਜ਼ਾਨਾ 2,000 ਤੋਂ ਵੱਧ ਯਾਤਰੀ ਇਸ ਰੇਲਗੱਡੀ ਦਾ ਲਾਭ ਲੈ ਸਕਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹੋਰ ਨਵੀਆਂ ਰੇਲਗੱਡੀਆਂ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਜਲਦ ਹੀ ਪੱਟੀ ਫ਼ਿਰੋਜ਼ਪੁਰ ਰੇਲ ਲਿੰਕ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਕਾਫ਼ੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਛੇਤੀ ਹੀ ਫ਼ਿਰੋਜ਼ਪੁਰ ਚੰਡੀਗੜ੍ਹ ਰੇਲਗੱਡੀ ਚਲਾਈ ਜਾਵੇਗੀ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਰੇਲ ਸੰਬੰਧਿਤ ਪ੍ਰੋਪਸਲ ਰੇਲ ਮੰਤਰਾਲੇ ਨੂੰ ਭੇਜਣ ਦਾ ਸੱਦਾ ਦਿੱਤਾ ਹੈ ਤੇ ਕਿਹਾ ਕਿ ਚੁਟਕਲੇ ਸੁਣਾ ਕੇ ਕੰਮ ਨਹੀਂ ਚੱਲਣਾ। ਸ਼ਨੀਵਾਰ ਨੂੰ ਚੱਲੀ ਪਹਿਲੀ ਵੰਦੇ ਭਾਰਤ ਰੇਲਗੱਡੀ ਵਿਚ ਰਵਨੀਤ ਸਿੰਘ ਬਿੱਟੂ ਤੇ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਸਵਾਰ ਹੋਏ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ