
ਮੁਹਾਲੀ, 11 ਦਸੰਬਰ (ਹਿੰ. ਸ.)। ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬਨਣ ਵਾਲੀ ਬਹੁਮੰਜਿਲੀ ਕਾਰ ਪਾਰਕਿੰਗ ਦੀ ਦੂਜੀ ਮੰਜਿਲ ਦਾ ਲੈਂਟਰ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਅਸ਼ੀਰਵਾਦ ਸਦਕਾ ਸੰਗਤਾਂ ਦੀ ਸਹੁਲਤ ਲਈ ਬਹੁਮੰਜਿਲੀ ਕਾਰ ਪਾਰਕਿੰਗ ਦਾ ਨਿਰਮਾਨ ਕੀਤਾ ਜਾ ਰਿਹਾ ਹੈ ।
ਇਸ ਕਾਰ ਪਾਰਕਿੰਗ ਦੀ ਦੂਜੀ ਮੰਜਿਲ ਦੇ ਲੈਂਟਰ ਦੀ ਅਰੰਭਤਾ ਲਈ ਸਵੇਰੇ 10 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਪੰਜ ਪਿਆਰਿਆਂ ਦੀ ਅਗਾਵਾਈ ਅਤੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵਿੱਚ ਜੈਕਾਰਿਆਂ ਦੀ ਗੂੰਜ ਨਾਲ ਦੂਜ਼ੀ ਮੰਜਿਲ ਦੇ ਲੈਂਟਰ ਦੀ ਅਰੰਭਤਾ ਕਰਵਾਈ ਗਈ। ਅਧੁਨਿਕ ਸਹੁਲਤਾਂ ਵਾਲੀ ਇਹ ਕਾਰ ਪਾਰਕਿੰਗ ਬੇਸਮੇਂਟ ਸਮੇਤ 7 ਮੰਜਿਲਾ ਬਣਵਾਈ ਜਾ ਰਹੀ ਹੈ। ਇਸ ਮੌਕੇ ਤੇ ਕਈ ਸੰਤ ਮਹਾਂਪੁਰਖ, ਸਿਆਸੀ ਆਗੂ, ਪਿੰਡ ਅਤੇ ਇਲਾਕੇ ਦੇ ਪਤਵੰਤੇ ਸੱਜਣ ਉਚੇਚੇ ਤੌਰ ’ਤੇ ਕਾਰ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਪੁੱਜੇ ਹੋਏ ਸਨ। ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਮਠਿਆਈਆਂ ਅਤੇ ਦੁੱਧ ਚਾਹ ਦਾ ਅਤੁੱਟ ਲੰਗਰ ਵਰਤਾਇਆ ਗਿਆ। ਬੁਲਾਰੇ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਖੇ ਆਧੁਨਿਕ ਸਹੁਲਤਾਂ ਵਾਲੇ ਦੀਵਾਨ ਹਾਲ ਦੀ ਉਸਾਰੀ ਦੀ ਸੇਵਾ ਪ੍ਰਬੰਧਕ ਕਮੇਟੀ ਵੱਲੋ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ