
ਫਿਲੌਰ, 14 ਦਸੰਬਰ (ਹਿੰ. ਸ.)। ਪੁਲਿਸ ਵਲੋਂ ਚੋਣਾਂ ਦੇ ਮੱਦੇਨਜ਼ਰ ਚੱਪੇ ਚੱਪੇ 'ਤੇ ਨਾਕਾਬੰਦੀ ਕਰਕੇ ਚੋਣਾਂ ਨੂੰ ਸ਼ਾਂਤੀ ਪੂਰਵਕ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ | ਜਿੱਥੇ ਵੋਟਾਂ ਵਾਲੇ ਦਿਨ ਸ਼ਰਾਬ ਤੇ ਪਾਬੰਦੀ ਹੈ ਉੱਥੇ ਹੀ ਵੋਟਾਂ ਤੋਂ ਇਕ ਦਿਨ ਪਹਿਲਾ ਸਬ ਡਵੀਜ਼ਨ ਫਿਲੌਰ ਅੰਦਰ ਪੁਲਿਸ ਵਲੋਂ ਇਕ ਵੱਡੀ ਖੇਪ ਸ਼ਰਾਬ ਦੀ ਫੜੀ ਗਈ ਹੈ, ਜੋ ਸਾਬਤ ਕਰ ਰਿਹਾ ਹੈ ਕੀ ਵੋਟਰਾਂ ਨੂੰ ਵੰਡਣ ਲਈ ਲਿਆਂਦੀ ਗਈ ਸੀ |
ਜ਼ਿਕਰਯੋਗ ਹੈ ਕਿ ਜਲੰਧਰ ਦਿਹਾਤੀ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਕ ਅੰਗਰੇਜ਼ੀ ਸ਼ਰਾਬ ਨਾਲ ਭਰੇ ਟਰੱਕ ਨੂੰ ਬਰਾਮਦ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ, ਜਿਸ ਸੰਬੰਧੀ ਡੀ. ਐਸ. ਪੀ. ਫਿਲੌਰ ਭਰਤ ਮਸੀਹ ਨੇ ਦੱਸਿਆ ਕਿ ਥਾਣਾ ਮੁਖੀ ਫਿਲੌਰ ਅਮਨ ਸੈਣੀ ਤੇ ਉਨ੍ਹਾਂ ਦੀ ਟੀਮ ਸਣੇ ਸੀ. ਏ. ਸਟਾਫ਼ ਜਲੰਧਰ ਨੇ ਚੋਣਾਂ ਸਮਬੰਧੀ ਚਲਾਏ ਸਰਚ ਆਪ੍ਰੇਸ਼ਨ ਦੌਰਾਨ ਪੁਰਾਣੇ ਬੱਸ ਅੱਡੇ ਤੋਂ ਇਕ ਟਰੱਕ ਨੰਬਰ ਆਰ.ਜੇ.14-ਜੀ.ਜੇ.3562 ਨੂੰ ਚੈਕਿੰਗ ਲਈ ਰੋਕਿਆ, ਜਿਸ ਦੀ ਤਲਾਸ਼ੀ ਕਰਨ 'ਤੇ ਉਸ 'ਚੋਂ ਵੱਡੀ ਮਾਤਰਾ ਵਿਚ ਵੱਖ-ਵੱਖ ਮਾਅਰਕੇ ਦੀਆਂ 683 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆ ਹਨ | ਥਾਣਾ ਮੁਖੀ ਅਮਨ ਸੈਣੀ ਨੇ ਦੱਸਿਆ ਕਿ ਡਰਾਈਵਰ ਨੂੰ ਵੀ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ ਹੈ, ਜਿਸ ਦੀ ਪਛਾਣ ਮਨੋਜ ਛਾਜੂਰਾਮ ਰਾਜਪੂਤ ਪੁੱਤਰ ਛਾਜੂਰਾਮ, ਵਾਸੀ ਪਿੰਡ ਸਹਿਜਗੰਜ ਨਵੀ ਨਗਰੀ, ਨੇੜੇ ਪੁਰਸ਼ੂ ਰਾਮ ਦਾ ਭੱਠਾ, ਥਾਣਾ ਸਹਿਜਗੰਜ, ਜ਼ਿਲ੍ਹਾ ਬਡੋਦਰਾ (ਗੁਜਰਾਤ) ਵਜੋਂ ਹੋਈ ਹੈ | ਉਕਤ ਮਾਮਲੇ 'ਚ ਡੀ. ਐਸ. ਪੀ. ਮਸੀਹ ਨੇ ਦੱਸਿਆ ਸ਼ਰਾਬ ਸੰਬੰਧੀ ਮੁੱਢਲੀ ਜਾਂਚ ਮੁਤਾਬਿਕ ਪਤਾ ਲੱਗਾ ਹੈ ਕਿ ਇਹ ਸ਼ਰਾਬ ਫਗਵਾੜਾ ਵਲੋਂ ਆਈ ਹੈ ਅਤੇ ਫਿਲੌਰ ਦੇ ਵੱਖ-ਵੱਖ ਪਿੰਡਾਂ 'ਚ ਸਪਲਾਈ ਕੀਤੀ ਜਾਣੀ ਸੀ, ਜਿਸ ਨੂੰ ਲੋਕਾਂ ਤੱਕ ਪੁੱਜਣ ਤੋਂ ਪਹਿਲਾ ਹੀ ਫਿਲੌਰ ਪੁਲਿਸ ਨੇ ਕਾਬੂ ਕਰ ਲਿਆ ਹੈ |
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ