
ਸ਼ਹਿਬਜਾਦਾ ਅਜੀਤ ਸਿੰਘ ਨਗਰ, 15 ਦਸੰਬਰ (ਹਿੰ. ਸ.)। ਪੰਜ ਆਬ ਫਾਈਨ ਆਰਟਸ ਸੁਸਾਇਟੀ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸ਼ਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਕਾਲ ਨੂੰ ਸਮਰਪਿਤ ਤਿੰਨ ਦਿਨਾਂ ਚਿੱਤਰਕਾਰੀ ਪ੍ਰਦਸ਼ਨੀ ਲਗਾਈ ਗਈ। ਇਸ ਚਿਤਰਕਾਰੀ ਪ੍ਰਦਸ਼ਨੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਚਾਂਦਨੀ ਚੌਕ ਦੇ ਸ਼ਹੀਦਾਂ ਦੇ ਚਿੱਤਰਾਂ ਨੂੰ ਸ਼ਰਧਾ ਭੇਟ ਕਰਨ ਲਈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਉਨ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਚਿੱਤਰਕਾਰੀ ਪ੍ਰਦਸ਼ਨੀ ਨੂੰ ਨਤਮਸਤਕ ਹੁੰਦਿਆ ਕਿਹਾ ਕਿ ਨਵੀਆਂ ਪੀੜੀਆਂ ਨੂੰ ਇਤਿਹਾਸ ਨਾਲ ਰੂਬਰੂ ਕਰਨ ਦਾ ਇਹ ਯਤਨ ਪੰਜ ਆਬ ਫਾਈਨ ਆਰਟਸ ਸੁਸਾਇਟੀ ਦਾ ਇੱਕ ਸੁਹਿਰਦ ਅਤੇ ਨੇਕ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਪੰਜ ਆਬ ਫਾਈਨ ਆਰਟਸ ਸੁਸਾਇਟੀ ਦੇ ਸਰਪ੍ਰਸਤ ਹਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਵਿੱਚ ਪੰਜਾਬ ਸਿੱਖਿਆ ਵਿਭਾਗ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਵੀ ਗੁਰੂ ਸਾਹਿਬ ਜੀ ਦੇ ਅਪਾਰ ਕ੍ਰਿਪਾ ਨਾਲ ਇਹ ਵਿਲੱਖਣ ਉਪਰਾਲੇ ਵਿੱਚ ਚਿੱਤਰ ਬਣਾਕੇ ਆਪਣਾ ਯੋਗਦਾਨ ਪਾਇਆ ਹੈ।
ਚਿੱਤਰਕਾਰੀ ਪ੍ਰਦਸ਼ਨੀ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਨਾਮਧਾਰੀ ਅਧਿਆਪਕ ਸਰਕਾਰੀ ਹਾਈ ਸਕੂਲ ਲਾਂਡਰਾ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਰਤਾਰਪੁਰ ਦੀ ਜੰਗ ਵਿਚ ਤੇਗ ਦੇ ਜੌਹਰ ਤੋਂ ਲੈ ਕੇ ਚੱਕ ਨਾਨਕੀ, ਗੁਰੂ ਲਾਧੋ ਰੇ ਅਤੇ ਸ਼ਹੀਦੀ ਤੱਕ 28 ਲੜੀਵਾਰ ਚਿੱਤਰ ਪ੍ਰਦਰਸ਼ਿਤ ਕੀਤੇ ਗਏ ਹਨ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਇਹਨਾਂ ਲਾਸਾਨੀ ਚਿੱਤਰਾਂ ਨੂੰ ਗੁਰਪ੍ਰੀਤ ਸਿੰਘ ਨਾਮਧਾਰੀ, ਇੰਦਰਜੀਤ ਸਿੰਘ, ਕੁਲਦੀਪ ਸਿੰਘ ਰੁਪਾਲ , ਗੁਰਦੀਪ ਸ਼ਰਮਾ, ਅਮਰਜੀਤ ਸਿੰਘ ਪੇਂਟਰ, ਹਰਦਰਸ਼ਨ ਸਿੰਘ ਸੋਹਲ, ਐਚ ਐਸ ਨਾਜ ਗੁਰਪ੍ਰੀਤ ਸਿੰਘ ਕੋਮਲ, ਗੁਰਪ੍ਰੀਤ ਸਿੰਘ ਮਣਕੂ, ਰਾਜਿੰਦਰ ਸਿੰਘ ਭਾਗੀਕੇ ਬਲਵਿੰਦਰ ਸ਼ਰਮਾ ਅਤੇ ਮਨਵੀਰ ਕੌਰ ਆਦਿ ਪੰਜਾਬ ਦੇ 28 ਨਾਮਵਰ ਚਿੱਤਰਕਾਰਾਂ ਨੇ ਆਪਣੇ ਜਜ਼ਬਾਤਾਂ ਨੂੰ ਬਰੱਸ਼ ਦੀ ਛੋਹ ਨਾਲ ਕੈਨਵਸ ਉਪਰ ਚਿਤਰਿਆ ਹੈ।
ਇਸ ਮੌਕੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਦਲਵੀਰ ਸਿੰਘ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਮਰਿੰਦਰ ਸਿੰਘ ਅਤੇ ਦਪਿੰਦਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਜਿੰਦਰ ਸਿੰਘ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ