
ਲਹਿਰਾ, 16 ਦਸੰਬਰ (ਹਿੰ. ਸ.)। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਖੁੱਲ੍ਹੇ ਵਿੱਚ ਕੂੜਾ ਸਾੜਨ ਅਤੇ ਡੰਪ ਕਰਨ ’ਤੇ ਪਾਬੰਦੀ ਸਬੰਧੀ ਲੋਕਾਂ ਅਤੇ ਸੰਸਥਾਵਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹੇ ਭਰ ਵਿੱਚ ਲਗਾਏ ਜਾ ਰਹੇ ਜਾਗਰੂਕਤਾ ਕੈੰਪਾਂ ਦੀ ਲੜੀ ਤਹਿਤ ਬੋਰਡ ਵੱਲੋਂ ਲਹਿਰਾ ਵਿਖੇ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਅਗਵਾਈ ਜੂਨੀਅਰ ਇੰਜੀਨੀਅਰ ਰੁਪਿੰਦਰ ਸਿੰਘ ਵੱਲੋਂ ਕੀਤੀ ਗਈ।
ਆਪਣੇ ਸੰਬੋਧਨ ਦੌਰਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਲਈ ਖੁੱਲ੍ਹੇ ਵਿੱਚ ਕਿਸੇ ਵੀ ਕਿਸਮ ਦਾ ਕੂੜਾ, ਖਾਸ ਕਰਕੇ ਬਾਇਓ-ਮੈਡੀਕਲ ਵੇਸਟ ਸਾੜਨਾ ਜਾਂ ਕਿਤੇ ਵੀ ਡੰਪ ਕਰਨ ਉਤੇ ਪੂਰੀ ਤਰ੍ਹਾਂ ਮਨਾਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਬਾਇਓ-ਮੈਡੀਕਲ ਵੇਸਟ ਇਕੱਠਾ ਕਰਨ ਲਈ ਕੇਵਲ ਅਧਿਕਾਰਤ ਏਜੰਸੀ “ਮੈਡੀਕੇਅਰ” ਨੂੰ ਹੀ ਮਨਜ਼ੂਰੀ ਦਿੱਤੀ ਗਈ ਹੈ।
ਉਨ੍ਹਾਂ ਸਫਾਈ ਸੇਵਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਹਸਪਤਾਲ, ਕਲੀਨਿਕ, ਡਾਇਗਨੋਸਟਿਕ ਸੈਂਟਰ ਜਾਂ ਲੈਬ ਤੋਂ ਬਾਇਓ-ਮੈਡੀਕਲ ਵੇਸਟ ਇਕੱਠਾ ਨਾ ਕਰਨ। ਉਨ੍ਹਾਂ ਕਿਹਾ ਕਿ ਸਾਰੀਆਂ ਹੈਲਥ ਸੰਸਥਾਵਾਂ ਆਪਣੇ ਬਾਇਓ-ਮੈਡੀਕਲ ਕੂੜੇ ਨੂੰ ਸਿਰਫ਼ ਅਧਿਕਾਰਤ ਏਜੰਸੀ ਨੂੰ ਹੀ ਸੌਂਪਣ ਦੀਆਂ ਜ਼ਿੰਮੇਵਾਰ ਹਨ।
ਜੂਨੀਅਰ ਇੰਜੀਨੀਅਰ ਨੇ ਕਿਹਾ ਕਿ ਜੇਕਰ ਕੋਈ ਵੀ ਹਸਪਤਾਲ ਜਾਂ ਸੰਸਥਾ ਬਾਇਓ-ਮੈਡੀਕਲ ਵੇਸਟ ਨੂੰ ਖੁੱਲ੍ਹੇ ਵਿੱਚ ਸੁੱਟਦੀ ਜਾਂ ਸਾੜਦੀ ਪਾਈ ਜਾਂਦੀ ਹੈ, ਤਾਂ ਇਸ ਸਬੰਧੀ ਤੁਰੰਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਸਕੇ।
ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪਰਾਲੀ ਸਾੜਨ ਤੋਂ ਇਲਾਵਾ ਹਸਪਤਾਲੀ ਕੂੜਾ ਖੁੱਲ੍ਹੇ ਵਿੱਚ ਸਾੜਨਾ ਵੀ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ, ਜੋ ਮਨੁੱਖੀ ਸਿਹਤ ਲਈ ਬਹੁਤ ਹੀ ਨੁਕਸਾਨਦੇਹ ਹੈ। ਇਸ ਲਈ ਹਰ ਸੰਸਥਾ ਨੂੰ ਆਪਣੀ ਨੈਤਿਕ ਅਤੇ ਕਾਨੂੰਨੀ ਜ਼ਿੰਮੇਵਾਰੀ ਸਮਝਦਿਆਂ ਪ੍ਰਦੂਸ਼ਣ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਕੈਂਪ ਦੌਰਾਨ ਸਫਾਈ ਸੇਵਕਾਂ, ਨਗਰ ਕੌਂਸਲ ਦੇ ਪ੍ਰਤੀਨਿਧੀਆਂ ਅਤੇ ਹੈਲਥ ਇੰਸਟਿਊਸ਼ਨਾਂ ਦੇ ਨੁਮਾਇੰਦਿਆਂ ਨੂੰ ਪ੍ਰਦੂਸ਼ਣ ਕੰਟਰੋਲ ਨਿਯਮਾਂ, ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ ਪ੍ਰੋਟੋਕੋਲ ਅਤੇ ਉਲੰਘਣਾ ਦੀ ਸੂਰਤ ਵਿੱਚ ਸਜ਼ਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ