
ਡੇਰਾਬੱਸੀ/ਐਸ.ਏ.ਐਸ.ਨਗਰ, 16 ਦਸੰਬਰ (ਹਿੰ. ਸ.)। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਐਸ.ਏ.ਐਸ.ਨਗਰ ਕੋਮਲ ਮਿੱਤਲ ਨੇ ਸਰਕਾਰੀ ਸਰਕਾਰੀ ਕਾਲਜ ਡੇਰਾਬੱਸੀ ਵਿਖੇ ਸ਼ਾਮ ਡੇਰਾਬੱਸੀ ਪੰਚਾਇਤ ਸੰਮਤੀ ਦੀ ਗਿਣਤੀ ਲਈ ਤਿਆਰੀ ਦਾ ਨਿਰੀਖਣ ਕੀਤਾ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪੰਚਾਇਤੀ ਚੋਣਾਂ-2025 ਦੀ ਗਿਣਤੀ ਦੀ ਅੰਤਿਮ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਭਲਕੇ ਜ਼ਿਲ੍ਹੇ ਵਿੱਚ ਹੋਣ ਵਾਲੀ ਗਿਣਤੀ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਰਕਾਰੀ ਕਾਲਜ ਡੇਰਾਬੱਸੀ ਵਿਖੇ ਪੰਚਾਇਤ ਸੰਮਤੀ ਡੇਰਾਬੱਸੀ ਅਤੇ ਸਰਕਾਰੀ ਬਹੁਤ ਤਕਨੀਕੀ ਕਾਲਜ ਖੂਨੀ ਮਾਜਰਾ ਵਿਖੇ ਖਰੜ ਅਤੇ ਮਾਜਰੀ ਬਲਾਕਾਂ ਦੀ ਵੋਟਾਂ ਦੀ ਗਿਣਤੀ ਹੋਵੇਗੀ। ਵੋਟਾਂ ਦੀ ਗਿਣਤੀ ਨੂੰ ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਗਿਣਤੀ ਦੀਆਂ ਤਿਆਰੀਆਂ ਲਈ ਤਾਇਨਾਤ ਅਧਿਕਾਰੀਆਂ ਨਾਲ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਕਾਊਂਟਿੰਗ ਟੀਮਾਂ, ਉਮੀਦਵਾਰਾਂ ਦੇ ਕਾਊਂਟਿੰਗ ਏਜੰਟਾਂ, ਉਮੀਦਵਾਰਾਂ/ਕਾਊਂਟਿੰਗ ਏਜੰਟਾਂ, ਕਾਊਂਟਿੰਗ ਆਬਜ਼ਰਵਰ ਲਈ ਕਮਰਾ, ਮੀਡੀਆ ਸੈਂਟਰ, ਪਬਲਿਕ ਲਈ ਬੈਠਣ ਦੇ ਯੋਗ ਪ੍ਰਬੰਧ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੜ ਤੇ ਮਾਜਰੀ ਦੇ ਕ੍ਰਮਵਾਰ 15-15 ਪੋਲਿੰਗ ਜ਼ੋਨਾਂ ਅਤੇ ਡੇਰਾਬੱਸੀ ਦੇ 22 ਜ਼ੋਨਾਂ ਦੀ ਗਿਣਤੀ ਸਰਕਾਰੀ ਪੋਲੀਟੈਕਨਿਕ ਖੂਨੀ ਮਾਜਰਾ ਵਿਖੇ ਅਤੇ ਸਰਕਾਰੀ ਕਾਲਜ ਡੇਰਾਬੱਸੀ ਵਿਖੇ ਹੋਵੇਗੀ। ਹਰੇਕ ਹਲਕੇ ਲਈ ਕੁੱਲ 14 ਕਾਊਂਟਿੰਗ ਟੇਬਲ ਬਣਾਏ ਗਏ ਹਨ, ਜਿੱਥੇ ਉਮੀਦਵਾਰਾਂ ਨੂੰ ਪਈਆਂ ਵੋਟਾਂ ਦੀ ਗਿਣਤੀ ਦਿਖਾਉਣ ਲਈ 14 ਬੈਲੇਟ ਬਕਸੇ ਇੱਕ ਵਾਰ ਚ ਲਿਆਂਦੇ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਡੇ ਕੋਲ 5 ਰਾਖਵੀਆਂ ਟੀਮਾਂ ਸਮੇਤ ਹਰੇਕ ਕਾਊਂਟਿੰਗ ਹਾਲ ਦੇ 14 ਗਿਣਤੀ ਟੇਬਲਜ਼ ਦੇ ਮੁਕਾਬਲੇ ਹਰੇਕ ਟੇਬਲ ਤੇ ਚਾਰ-ਚਾਰ ਵਿਆਕਤੀਆਂ ਦੀ ਟੀਮ ਮੌਜੂਦ ਰਹੇਗੀ। ਟੀਮਾਂ ਨੂੰ ਸਵੇਰੇ 6 ਵਜੇ ਆਪਣੇ ਏ.ਆਰ.ਓਜ਼ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਸਵੇਰੇ 7 ਵਜੇ ਤੱਕ ਕਾਉਂਟਿੰਗ ਟੇਬਲਾਂ ਦੀ ਅਲਾਟਮੈਂਟ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਪਾਰਦਰਸ਼ਤਾ ਅਤੇ ਕੁਸ਼ਲਤਾ ਬਣਾਈ ਰੱਖਣ ਲਈ ਚੋਣ ਕਮਿਸ਼ਨ ਦੇ ਪ੍ਰਤੀਨਿਧੀ ਵਜੋਂ ਚੋਣ ਆਬਜ਼ਰਵਰ ਅੰਮ੍ਰਿਤ ਸਿੰਘ ਵੱਲੋਂ ਗਿਣਤੀ ਦੀ ਨਿਗਰਾਨੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਆਰ.ਓਜ਼ ਅਮਿਤ ਗੁਪਤਾ, ਦੀਵਿਆ ਪੀ ਅਤੇ ਰਵਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਏ.ਡੀ.ਸੀ. ਸੋਨਮ ਚੌਧਰੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਗਿਣਤੀ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਖ਼ਤ ਸੁਰੱਖਿਆ ਪ੍ਰੋਟੋਕੋਲ ਤਹਿਤ ਕੀਤੀ ਜਾਵੇਗੀ। ਰਾਜ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਜਾਰੀ ਅਥਾਰਟੀ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਕਾਊਂਟਿੰਗ ਕੇਂਦਰ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਊਂਟਿੰਗ ਹਾਲ ਵਿੱਚ ਸਿਰਫ਼ ਉਨ੍ਹਾਂ ਵਿਅਕਤੀਆਂ ਨੂੰ ਹੀ ਜਾਣ ਦਿੱਤਾ ਜਾਵੇਗਾ, ਜਿਨ੍ਹਾਂ ਨੂੰ ਕਾਊਂਟਿੰਗ ਹਾਲ ਵਿੱਚ ਦਾਖ਼ਲ ਹੋਣ ਲਈ ਅਥਾਰਟੀ ਪੱਤਰ ਜਾਰੀ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਦੋਵਾਂ ਗਿਣਤੀ ਕੇਂਦਰਾਂ ਤੇ ਮੀਡੀਆ ਦੀ ਸੁਵਿਧਾ ਲਈ ਮੀਡੀਆ ਹਾਲ ਵੀ ਬਣਾਏ ਗਏ ਹਨ ਜਿੱਥੇ ਉਹਨਾਂ ਨੂੰ ਹਰ ਗੇੜ ਬਾਅਦ ਨਤੀਜੇ ਦੀ ਜਾਣਕਾਰੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਾਨੂੰਨ ਅਤੇ ਵਿਵਸਥਾ ਨੂੰ ਪੁਖਤਾ ਬਣਾਈ ਰੱਖਣ ਲਈ ਗਿਣਤੀ ਕੇਂਦਰਾਂ ਦੇ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਮੁਕੰਮਲ ਸ਼ਰਾਬਬੰਦੀ ਰਹੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ