ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ 17 ਨੂੰ, ਸਾਰੇ ਪ੍ਰਬੰਧ ਮੁਕੰਮਲ: ਡਾ. ਪ੍ਰੀਤੀ ਯਾਦਵ
ਪਟਿਆਲਾ, 16 ਦਸੰਬਰ (ਹਿੰ. ਸ.)। ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ 23 ਜ਼ੋਨਾਂ ਅਤੇ 10 ਪੰਚਾਇਤ ਸੰਮਤੀਆਂ ਦੇ 184 ਵਿੱਚੋਂ 169 ਜ਼ੋਨਾਂ ਦੀਆਂ ਚੋਣਾਂ ਲਈ 14 ਦਸੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਲਈ ਬਣਾਏ ਗਏ 10 ਗਿਣਤੀ ਕੇਂਦਰਾਂ ਵਿਖੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਪ੍ਰਗਟਾਵਾ ਕਰਦਿਆਂ ਪਟਿਆਲਾ ਦੇ ਡ
ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ 17 ਨੂੰ, ਸਾਰੇ ਪ੍ਰਬੰਧ ਮੁਕੰਮਲ: ਡਾ. ਪ੍ਰੀਤੀ ਯਾਦਵ


ਪਟਿਆਲਾ, 16 ਦਸੰਬਰ (ਹਿੰ. ਸ.)। ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ 23 ਜ਼ੋਨਾਂ ਅਤੇ 10 ਪੰਚਾਇਤ ਸੰਮਤੀਆਂ ਦੇ 184 ਵਿੱਚੋਂ 169 ਜ਼ੋਨਾਂ ਦੀਆਂ ਚੋਣਾਂ ਲਈ 14 ਦਸੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਲਈ ਬਣਾਏ ਗਏ 10 ਗਿਣਤੀ ਕੇਂਦਰਾਂ ਵਿਖੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਪ੍ਰਗਟਾਵਾ ਕਰਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਕਿਹਾ ਹੈ ਕਿ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ।

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਨ੍ਹਾਂ ਵੋਟਾਂ ਦੀ ਗਿਣਤੀ ਪੂਰੀ ਤਰ੍ਹਾਂ ਨਿਰਪੱਖ, ਸੁਤੰਤਰ, ਸੁਰੱਖਿਅਤ ਅਤੇ ਆਜ਼ਾਦਾਨਾ ਢੰਗ ਨਾਲ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀਆਂ ਲਈ ਹੋਈਆਂ ਚੋਣਾਂ ਦੀ ਗਿਣਤੀ ਲਈ ਸਾਰੇ ਗਿਣਤੀ ਕੇਂਦਰਾਂ ਵਿਖੇ 14-14 ਮੇਜ ਲਗਾਏ ਗਏ ਹਨ। ਲੋੜੀਂਦੇ ਸੁਪਰਵਾਈਜਰ ਤੇ ਸਹਾਇਕ ਅਮਲੇ ਸਮੇਤ ਸੁਰੱਖਿਆ ਪ੍ਰਬੰਧਾਂ ਲਈ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ, ਸਮੁੱਚੇ ਅਮਲੇ ਨੂੰ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਸਮੇਤ ਗਿਣਤੀ ਦੇ ਨੁਕਤਿਆਂ ਦੀਆਂ ਬਾਰੀਕੀਆਂ ਤੋਂ ਵਿਸਥਾਰ ਵਿੱਚ ਜਾਣੂ ਕਰਵਾਇਆ ਜਾ ਚੁੱਕਾ ਹੈ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪਟਿਆਲਾ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਮਹਿੰਦਰਾ ਕਾਲਜ ਵਿਖੇ ਰਿਟਰਨਿੰਗ ਅਧਿਕਾਰੀ ਤੇ ਐਸ.ਡੀ.ਐਮ ਪਟਿਆਲਾ ਹਰਜੋਤ ਕੌਰ ਮਾਵੀ ਦੀ ਅਗਵਾਈ ਹੇਠ, ਪਟਿਆਲਾ ਦਿਹਾਤੀ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਆਈ.ਟੀ.ਆਈ ਨਾਭਾ ਰੋਡ ਵਿਖੇ ਰਿਟਰਨਿੰਗ ਅਧਿਕਾਰੀ ਇੰਜ. ਵਨੀਤ ਸਿੰਗਲਾ, ਨਾਭਾ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਰਿਪੁਦਮਨ ਕਾਲਜ ਨਾਭਾ ਵਿਖੇ ਐਸ.ਡੀ.ਐਮ. ਕੰਨੂ ਗਰਗ ਦੀ ਅਗਵਾਈ ਹੇਠ ਕਰਵਾਈ ਜਾਵੇਗੀ। ਸਨੌਰ ਬਲਾਕ ਦੀਆਂ ਵੋਟਾਂ ਦੀ ਗਿਣਤੀ ਐਸ.ਡੀ.ਐਮ ਦੁਧਨਸਾਧਾਂ ਸੁਖਪਾਲ ਸਿੰਘ ਦੀ ਅਗਵਾਈ ਹੇਠ ਅਤੇ ਭੁਨਰਹੇੜੀ ਬਲਾਕ ਦੀਆਂ ਵੋਟਾਂ ਦੀ ਗਿਣਤੀ ਰਿਟਰਨਿੰਗ ਅਧਿਕਾਰੀ ਤੇ ਏ.ਐਮ.ਡੀ ਪੀਆਰਟੀਸੀ ਨਵਦੀਪ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਬਹੁਤਕਨੀਕੀ ਕਾਲਜ ਐਸ.ਐਸ.ਟੀ ਨਗਰ ਵਿਖੇ ਹੋਵੇਗੀ।

ਇਸ ਤੋਂ ਬਿਨ੍ਹਾਂ ਰਾਜਪੁਰਾ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਮਿੰਨੀ ਸਕੱਤਰੇਤ ਰਾਜਪੁਰਾ ਵਿਖੇ ਐਸ.ਡੀ.ਐਮ. ਨਮਨ ਮਾਰਕੰਨ ਦੀ ਅਗਵਾਈ ਹੇਠ, ਸਮਾਣਾ ਬਲਾਕ ਦੀ ਗਿਣਤੀ ਪਬਲਿਕ ਕਾਲਜ ਸਮਾਣਾ ਵਿਖੇ ਐਸ.ਡੀ.ਐਮ. ਰਿਚਾ ਗੋਇਲ ਦੀ ਦੇਖ-ਰੇਖ ਹੇਠ, ਬਲਾਕ ਪਾਤੜਾਂ ਦੀ ਗਿਣਤੀ ਕਿਰਤੀ ਕਾਲਜ ਨਿਆਲ ਵਿਖੇ ਐਸ.ਡੀ.ਐਮ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਹੋਵੇਗੀ। ਜਦਕਿ ਘਨੌਰ ਬਲਾਕ ਦੀਆਂ ਵੋਟਾਂ ਦੀ ਗਿਣਤੀ ਰਿਟਰਨਿੰਗ ਅਧਿਕਾਰੀ ਤੇ ਬੀ.ਐਮ.ਐਲ. ਦੇ ਕਾਰਜਕਾਰੀ ਇੰਜੀਨੀਅਰ ਗੁਰਸ਼ਰਨ ਸਿੰਘ ਵਿਰਕ ਦੀ ਅਗਵਾਈ ਹੇਠ ਅਤੇ ਸ਼ੰਭੂ ਕਲਾਂ ਬਲਾਕ ਦੀ ਗਿਣਤੀ ਰਿਟਰਨਿੰਗ ਅਧਿਕਾਰੀ ਤੇ ਪੀ.ਐਸ.ਪੀ.ਸੀ.ਐਲ ਦੇ ਵਧੀਕ ਨਿਗਰਾਨ ਇੰਜੀਨੀਅਰ ਰਾਜਪੁਰਾ ਧਰਮਵੀਰ ਕਮਲ ਦੀ ਅਗਵਾਈ ਹੇਠ ਯੂਨੀਵਰਸਿਟੀ ਕਾਲਜ ਘਨੌਰ ਵਿਖੇ ਹੋਵੇਗੀ।

ਜਿਕਰਯੋਗ ਹੈ ਕਿ ਬਲਾਕ ਸੰਮਤੀਆਂ ਲਈ 606 ਤੇ ਜ਼ਿਲ੍ਹਾ ਪਰਿਸ਼ਦ ਲਈ 113 ਉਮੀਦਵਾਰ ਮੈਦਾਨ ਵਿੱਚ ਸਨ, ਜਿਨ੍ਹਾਂ 'ਚ ਭੁਨਰਹੇੜੀ ਬਲਾਕ 'ਚ 25, ਸਨੌਰ ਬਲਾਕ 'ਚ 47, ਨਾਭਾ ਬਲਾਕ 'ਚ 83, ਪਟਿਆਲਾ ਬਲਾਕ ਸੰਮਤੀ ਲਈ 52, ਪਟਿਆਲਾ ਦਿਹਾਤੀ ਬਲਾਕ 'ਚ 72, ਪਾਤੜਾਂ ਬਲਾਕ 'ਚ 99, ਰਾਜਪੁਰਾ ਬਲਾਕ 'ਚ 58, ਸਮਾਣਾ ਬਲਾਕ 'ਚ 52, ਘਨੌਰ ਬਲਾਕ 'ਚ 58 ਤੇ ਸ਼ੰਭੂ ਕਲਾਂ ਬਲਾਕ ਵਿਖੇ 60 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਬਲਾਕ ਸੰਮਤੀਆਂ ਦੇ 15 ਚੋਣ ਹਲਕਿਆਂ ਤੋਂ ਉਮੀਦਵਾਰਾਂ ਦੀ ਚੋਣ ਨਿਰਵਿਰੋਧ ਹੋ ਗਈ ਜਦੋਂਕਿ ਬਾਕੀ ਰਹਿੰਦੇ 169 ਚੋਣ ਹਲਕਿਆਂ ਲਈ ਵੋਟਾਂ ਪੁਆਈਆਂ ਗਈਆਂ ਸਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande