
ਫਰੀਦਕੋਟ 16 ਦਸੰਬਰ (ਹਿੰ. ਸ.)। ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ/ਪੰਚਾਇਤ ਸੰਮਤੀ 2025 ਦੀਆਂ ਚੋਣਾਂ ਅਮਨ-ਅਮਾਨ ਅਤੇ ਪਾਰਦਰਸ਼ੀ ਢੰਗ ਨਾਲ ਸੰਪੰਨ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 17 ਦਸੰਬਰ ਨੂੰ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਨਿਕਲਣ ਵਾਲੇ ਚੋਣ ਨਤੀਜਿਆਂ ਲਈ ਜ਼ਿਲ੍ਹੇ ਵਿੱਚ ਕੁੱਲ ਤਿੰਨ ਕਾਊਂਟਿੰਗ ਸੈਂਟਰ ਸਥਾਪਤ ਕੀਤੇ ਗਏ ਹਨ, ਜਿੱਥੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਨਿਰਧਾਰਿਤ ਸਮੇਂ ਅਨੁਸਾਰ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਦੌਰਾਨ ਪੂਰੀ ਪਾਰਦਰਸ਼ਤਾ ਬਣਾਈ ਰੱਖਣ ਲਈ ਚੋਣ ਅਧਿਕਾਰੀਆਂ, ਨਿਗਰਾਨ ਅਧਿਕਾਰੀਆਂ ਅਤੇ ਸੁਰੱਖਿਆ ਬਲਾਂ ਦੀ ਲੋੜ ਅਨੁਸਾਰ ਤਾਇਨਾਤੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਫ਼ਰੀਦਕੋਟ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਦੇ ਮੇਨ ਹਾਲ ਵਿੱਚ ਕੀਤੀ ਜਾਵੇਗੀ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਕੋਟਕਪੂਰਾ ਦੀਆਂ ਵੋਟਾਂ ਦੀ ਗਿਣਤੀ ਡਾ. ਹਰੀ ਸਿੰਘ ਸੇਵਕ ਸਕੂਲ ਕੋਟਕਪੂਰਾ ਦੇ ਮੇਨ ਹਾਲ ਵਿੱਚ ਹੋਵੇਗੀ, ਜਦਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਜੈਤੋ ਦੀਆਂ ਵੋਟਾਂ ਦੀ ਗਿਣਤੀ ਯੂਨੀਵਰਸਿਟੀ ਕਾਲਜ ਕੈਂਪਸ ਜੈਤੋ ਦੇ ਕਾਮਰਸ ਬਲਾਕ ਸਥਿਤ ਕਾਊਂਟਿੰਗ ਹਾਲ ਵਿੱਚ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਕਾਊਂਟਿੰਗ ਸੈਂਟਰਾਂ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਬਿਨਾਂ ਅਧਿਕਾਰ ਪੱਤਰ ਦੇ ਕਿਸੇ ਵੀ ਵਿਅਕਤੀ ਨੂੰ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪੁਲਿਸ ਵਿਭਾਗ ਨਾਲ ਤਾਲਮੇਲ ਕਰਕੇ ਪੂਰੇ ਪ੍ਰਬੰਧ ਯਕੀਨੀ ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰੀਸ਼ਦ ਫਰੀਦਕੋਟ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਹਰਜੋਤ ਕੌਰ ਰਿਟਰਨਿੰਗ ਅਫਸਰ ਹੋਣਗੇ। ਪੰਚਾਇਤ ਸਮੰਤੀ ਫਰੀਦਕੋਟ ਲਈ ਸਹਾਇਕ ਕਮਿਸ਼ਨਰ (ਜ) ਗੁਰਕਿਰਨਦੀਪ ਸਿੰਘ, ਪੰਚਾਇਤ ਸੰਮਤੀ ਕੋਟਕਪੂਰਾ ਲਈ ਸੂਰਜ ਕੁਮਾਰ ਐਸ.ਡੀ.ਐਮ ਕੋਟਕਪੂਰਾ ਅਤੇ ਪੰਚਾਇਤ ਸੰਮਤੀ ਜੈਤੋ ਲਈ ਨਵੀਨ ਕੁਮਾਰ ਕਾਰਜਕਾਰੀ ਇੰਜੀਨੀਅਰ ਪੀ.ਡਬਲਊ.ਡੀ ਅਤੇ ਬੀ.ਐਡ.ਆਰ ਰਿਟਰਨਿੰਗ ਅਫਸਰ ਹੋਣਗੇ।
ਡਿਪਟੀ ਕਮਿਸ਼ਨਰ ਨੇ ਸਾਰੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਨਤੀਜਿਆਂ ਦੌਰਾਨ ਸ਼ਾਂਤੀ ਅਤੇ ਸਹਿਯੋਗ ਬਣਾਈ ਰੱਖਿਆ ਜਾਵੇ ਅਤੇ ਲੋਕਤੰਤਰਕ ਪ੍ਰਕਿਰਿਆ ਦਾ ਸਤਿਕਾਰ ਕੀਤਾ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ