
ਬਟਾਲਾ 16 ਦਸੰਬਰ (ਹਿੰ. ਸ.)। ਸੀ. ਬੀ. ਏ. ਇੰਫੋਟੈਕ ਵਲੋਂ ਸਿਲਵਰ ਕ੍ਰੀਕ ਸਕੂਲ ਬਟਾਲਾ ਵਿੱਚ 'ਸਾਈਬਰ ਸੁਰੱਖਿਆ ਅਤੇ ਸਾਈਬਰ ਫਰਾਡ ਜਾਗਰੂਕਤਾ' ਵਿਸ਼ੇ ’ਤੇ ਇੱਕ ਮਹੱਤਵਪੂਰਨ ਸੈਮੀਨਾਰ ਦਾ ਸਫਲ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਸਟਾਫ ਨੂੰ ਵਧ ਰਹੇ ਸਾਈਬਰ ਅਪਰਾਧਾਂ ਬਾਰੇ ਜਾਗਰੂਕ ਕਰਨਾ ਅਤੇ ਡਿਜ਼ੀਟਲ ਦੁਨੀਆ ਵਿੱਚ ਸੁਰੱਖਿਅਤ ਰਹਿਣ ਦੇ ਤਰੀਕਿਆਂ ਦੀ ਜਾਣਕਾਰੀ ਦੇਣਾ ਸੀ। ਸੈਮੀਨਾਰ ਦੌਰਾਨ ਸੀਬੀਏ ਇੰਫੋਟੈਕ ਦੇ ਮਾਹਿਰਾਂ ਨੇ ਦੱਸਿਆ ਕਿ ਡਿਜ਼ੀਟਲ ਯੁੱਗ ਵਿਚ ਇੰਟਰਨੈੱਟ, ਸੋਸ਼ਲ ਮੀਡੀਆ, ਆਨਲਾਈਨ ਬੈਂਕਿੰਗ ਅਤੇ ਮੋਬਾਈਲ ਐਪਸ ਦੀ ਵਰਤੋਂ ਤੇਜ਼ੀ ਨਾਲ ਵਧ ਰਹੀ ਹੈ, ਜਿਸ ਦੇ ਨਾਲ ਹੀ ਸਾਈਬਰ ਠੱਗੀ, ਫ਼ਿਸ਼ਿੰਗ ਕਾਲਾਂ, ਨਕਲੀ ਲਿੰਕ, ਓਟੀਪੀ ਫਰਾਡ, ਸੋਸ਼ਲ ਮੀਡੀਆ ਹੈਕਿੰਗ ਅਤੇ ਡਾਟਾ ਚੋਰੀ ਵਰਗੇ ਮਾਮਲੇ ਵੀ ਲਗਾਤਾਰ ਵਧ ਰਹੇ ਹਨ।
ਮਾਹਿਰਾਂ ਨੇ ਵਿਦਿਆਰਥੀਆਂ ਨੂੰ ਸੌਖੀ ਭਾਸ਼ਾ ਵਿੱਚ ਸਮਝਾਇਆ ਕਿ ਸਾਈਬਰ ਅਪਰਾਧੀ ਲੋਕਾਂ ਨੂੰ ਕਿਸ ਤਰ੍ਹਾਂ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ ਅਤੇ ਇਨ੍ਹਾਂ ਤੋਂ ਬਚਣ ਲਈ ਕੀ ਸਾਵਧਾਨੀਆਂ ਅਪਣਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਮਜ਼ਬੂਤ ਪਾਸਵਰਡ ਬਣਾਉਣ, ਓ ਟੀ ਪੀ ਜਾਂ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰਨ, ਅਣਜਾਣ ਲਿੰਕ ਜਾਂ ਈ-ਮੇਲ ’ਤੇ ਕਲਿੱਕ ਨਾ ਕਰਨ ਅਤੇ ਫ਼ਰਜ਼ੀ ਕਾਲਾਂ ਤੇ ਮੈਸੇਜਾਂ ਤੋਂ ਸਾਵਧਾਨ ਰਹਿਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦੀ ਸੁਰੱਖਿਅਤ ਵਰਤੋਂ, ਪ੍ਰਾਈਵੇਸੀ ਸੈਟਿੰਗਾਂ, ਆਨਲਾਈਨ ਗੇਮਿੰਗ ਅਤੇ ਡਿਜ਼ੀਟਲ ਭੁਗਤਾਨ ਦੌਰਾਨ ਰੱਖਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਚਾਨਣ ਪਾਇਆ ਗਿਆ। ਸੈਮੀਨਾਰ ’ਚ ਹਕੀਕਤੀ ਉਦਾਹਰਣਾਂ ਅਤੇ ਕੇਸ ਸਟਡੀਜ਼ ਰਾਹੀਂ ਸਾਈਬਰ ਫਰਾਡ ਦੇ ਮਾਮਲਿਆਂ ਨੂੰ ਸਮਝਾਇਆ ਗਿਆ, ਜਿਸ ਨਾਲ ਵਿਦਿਆਰਥੀਆਂ ਨੂੰ ਵਿਸ਼ਾ ਹੋਰ ਵਧੀਆ ਤਰੀਕੇ ਨਾਲ ਸਮਝ ਆਇਆ।
ਸੈਮੀਨਾਰ ਦੇ ਅੰਤ ’ਚ ਪ੍ਰਸ਼ਨ-ਉੱਤਰ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿੱਥੇ ਵਿਦਿਆਰਥੀਆਂ ਨੇ ਆਪਣੇ ਸਵਾਲ ਪੁੱਛੇ ਅਤੇ ਮਾਹਿਰਾਂ ਨੇ ਉਨ੍ਹਾਂ ਦੇ ਸੰਤੋਸ਼ਜਨਕ ਜਵਾਬ ਦਿੱਤੇ। ਸਿਲਵਰ ਕ੍ਰੀਕ ਸਕੂਲ ਦੇ ਪ੍ਰਬੰਧਨ ਅਤੇ ਅਧਿਆਪਕਾਂ ਨੇ ਸੀਬੀਏ ਇੰਫੋਟੈਕ ਵੱਲੋਂ ਕੀਤੀ ਗਈ ਇਸ ਜਾਗਰੂਕਤਾ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਅਤੇ ਸੁਰੱਖਿਅਤ ਡਿਜ਼ਿਟਲ ਨਾਗਰਿਕ ਬਣਾਉਣ ਵਿੱਚ ਅਹੰਮ ਭੂਮਿਕਾ ਨਿਭਾਉਂਦੇ ਹਨ। ਸੀਬੀਏ ਇੰਫੋਟੈਕ ਦੀ ਟੀਮ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦਾ ਭਰੋਸਾ ਦਿੱਤਾ। ਇਹ ਸੈਮੀਨਾਰ ਵਿਦਿਆਰਥੀਆਂ ਲਈ ਨਾ ਸਿਰਫ਼ ਜਾਣਕਾਰੀਭਰਪੂਰ ਰਿਹਾ, ਸਗੋਂ ਉਨ੍ਹਾਂ ਨੂੰ ਡਿਜ਼ਿਟਲ ਦੁਨੀਆ ਵਿੱਚ ਸੁਰੱਖਿਅਤ ਰਹਿਣ ਲਈ ਪ੍ਰੇਰਿਤ ਕਰਨ ਵਾਲਾ ਵੀ ਸਾਬਤ ਹੋਇਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ