
ਤਲਵਾੜਾ, 16 ਦਸੰਬਰ (ਹਿੰ. ਸ.)। ਬੀਬੀਐਮਬੀ ਦੇ ਮੁੱਖ ਇੰਜੀਨਿਅਰ ਰਾਕੇਸ਼ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਬੀਬੀਐਮਬੀ ਹਸਪਤਾਲ ਵੱਲੋਂ ਸ਼ਰਦੀਆਂ ਦੇ ਮੱਦੇਨਜਰ ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਸਬੰਧੀ ਸਲਾਹ ਜਾਰੀ ਕੀਤੀ ਹੈ। ਹਸਪਤਾਲ ਦੇ ਪ੍ਰਿੰਸੀਪਲ ਮੈਡੀਕਲ ਅਫ਼ਸਰ ਡਾ. ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਸ਼ਰਦੀਆਂ ਦੇ ਮੌਸਮ ਦੌਰਾਨ ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਸੰਬੰਧੀ ਵਿਸ਼ੇਸ਼ ਸਾਵਧਾਨੀ ਬਹੁਤ ਜ਼ਰੂਰੀ ਹੈ। ਠੰਢ ਦੇ ਕਾਰਨ ਇਨਫੈਕਸ਼ਨ, ਜ਼ੁਕਾਮ, ਖਾਂਸੀ ਅਤੇ ਸਾਹ ਦੀਆਂ ਸਮੱਸਿਆਵਾਂ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਕਰਕੇ ਮਾਂ ਅਤੇ ਬੱਚੇ ਦੋਵਾਂ ਦੀ ਸੁਰੱਖਿਆ ‘ਤੇ ਧਿਆਨ ਦੇਣਾ ਲੋੜੀਂਦਾ ਹੈ।
ਡਾ. ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਗਰਭਵਤੀ ਮਹਿਲਾਵਾਂ ਨੂੰ ਸੰਤੁਲਿਤ ਆਹਾਰ, ਗਰਮ ਕੱਪੜੇ, ਨਿਯਮਤ ਸਿਹਤ ਜਾਂਚ ਅਤੇ ਡਾਕਟਰੀ ਸਲਾਹ ਅਨੁਸਾਰ ਦਵਾਈਆਂ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਰਦੀਆਂ ਵਿੱਚ ਧੁੱਪ ਲੈਣਾ ਲਾਭਦਾਇਕ ਹੁੰਦਾ ਹੈ ਕਿਉਂਕਿ ਇਸ ਨਾਲ ਵਿਟਾਮਿਨ-ਡੀ ਦੀ ਕਮੀ ਦੂਰ ਹੁੰਦੀ ਹੈ ਅਤੇ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੁੰਦੀ ਹੈ। ਸਵੇਰ ਸ਼ਾਮ ਬਾਹਰ ਠੰਡ ਵਿਚ ਜਾਣ ਤੋਂ ਗੁਰੇਜ ਕੀਤਾ ਜਾਵੇ। ਇਸ ਮੌਕੇ ਹਸਪਤਾਲ ਦੀ ਸੀਨਿਅਰ ਡਾਕਟਰ ਡਾ. ਸੋਭਨਾ ਸੋਨੀ ਨੇ ਕਿਹਾ ਕਿ ਨਵਜੰਮੇ ਬੱਚਿਆਂ ਨੂੰ ਠੰਢ ਤੋਂ ਬਚਾਉਣਾ ਬਹੁਤ ਮਹੱਤਵਪੂਰਨ ਹੈ। ਬੱਚਿਆਂ ਨੂੰ ਸਦਾ ਗਰਮ ਅਤੇ ਸਾਫ਼ ਕੱਪੜਿਆਂ ਵਿੱਚ ਰੱਖਿਆ ਜਾਵੇ, ਉਨ੍ਹਾਂ ਨੂੰ ਠੰਢੀ ਹਵਾ ਤੋਂ ਬਚਾਇਆ ਜਾਵੇ ਅਤੇ ਮਾਂ ਦਾ ਦੁੱਧ ਨਿਯਮਤ ਤੌਰ ‘ਤੇ ਪਿਲਾਇਆ ਜਾਵੇ। ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਬੱਚਿਆਂ ਦੇ ਕਮਰੇ ਦੀ ਸਫ਼ਾਈ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ।
ਡਾ. ਸੋਭਨਾ ਸੋਨੀ ਨੇ ਅੱਗੇ ਕਿਹਾ ਕਿ ਜੇ ਮਾਂ ਜਾਂ ਬੱਚੇ ਵਿੱਚ ਬੁਖ਼ਾਰ, ਸਾਹ ਲੈਣ ਵਿੱਚ ਦਿੱਕਤ, ਬਹੁਤ ਜ਼ਿਆਦਾ ਖਾਂਸੀ ਜਾਂ ਕੋਈ ਹੋਰ ਅਸਧਾਰਣ ਲੱਛਣ ਨਜ਼ਰ ਆਉਣ, ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਜਾਂ ਬੀਬੀਐਮਬੀ ਹਸਪਤਾਲ ਤਲਵਾੜਾ ਨਾਲ ਸੰਪਰਕ ਕੀਤਾ ਜਾਵੇ। ਅੰਤ ਵਿੱਚ ਡਾ. ਸੁਰਿੰਦਰ ਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਰਦੀਆਂ ਦੇ ਮੌਸਮ ਦੌਰਾਨ ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚਿਆਂ ਦੀ ਸੰਭਾਲ ਵਿੱਚ ਕੋਈ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਸਮੇਂ-ਸਮੇਂ ‘ਤੇ ਡਾਕਟਰੀ ਸਲਾਹ ਲੈ ਕੇ ਸਿਹਤਮੰਦ ਜੀਵਨ ਯਕੀਨੀ ਬਣਾਇਆ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ