
ਨਵੀਂ ਦਿੱਲੀ, 17 ਦਸੰਬਰ (ਹਿੰ.ਸ.)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਿਖਰਲੇ ਨੇਤਾ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਮੰਨਣਾ ਸੀ ਕਿ ਪ੍ਰਸਿੱਧ ਪ੍ਰਧਾਨ ਮੰਤਰੀ ਦਾ ਬਹੁਮਤ ਦੇ ਜ਼ੋਰ 'ਤੇ ਰਾਸ਼ਟਰਪਤੀ ਬਣਨਾ ਭਾਰਤੀ ਸੰਸਦੀ ਲੋਕਤੰਤਰ ਲਈ ਚੰਗਾ ਸੰਕੇਤ ਨਹੀਂ ਹੋਵੇਗਾ ਅਤੇ ਇਹ ਇੱਕ ਬਹੁਤ ਹੀ ਗਲਤ ਪਰੰਪਰਾ ਹੋਵੇਗੀ।
ਅਜਿਹੇ ਸਮੇਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2027 ਵਿੱਚ ਰਾਸ਼ਟਰਪਤੀ ਬਣਨ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਅਟਲ ਬਿਹਾਰੀ ਵਾਜਪਾਈ ਦੇ ਇਸ ਵਿਚਾਰ ਨੂੰ ਰੇਖਾਂਕਿਤ ਕੀਤਾ ਗਿਆ ਹੈ, ਇੱਕ ਕਿਤਾਬ ਵਿੱਚ ਜੋ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਹੇ ਸੀਨੀਅਰ ਪੱਤਰਕਾਰ ਅਸ਼ੋਕ ਟੰਡਨ ਨੇ ਲਿਖੀ ਹੈ। ਇਹ ਕਿਤਾਬ ਬੁੱਧਵਾਰ ਨੂੰ ਇੱਥੇ ਜਾਰੀ ਕੀਤੀ ਗਈ।
ਦਰਅਸਲ, ਗੱਲ 2002 ਦੀ ਹੈ, ਜਦੋਂ ਵਾਜਪਾਈ ਦੀ ਅਗਵਾਈ ਵਾਲੀ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨ.ਡੀ.ਏ.) ਸਰਕਾਰ ਨਵੇਂ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ 'ਤੇ ਵਿਚਾਰ ਕਰ ਰਹੀ ਸੀ। ਉਸ ਸਮੇਂ ਲੇਖਕ ਵਾਜਪਾਈ ਦੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਕੰਮ ਕਰ ਰਹੇ ਸੀ। ਕਿਤਾਬ ਵਿੱਚ ਅਸ਼ੋਕ ਟੰਡਨ ਲਿਖਦੇ ਹਨ ਕਿ ਡਾ. ਪੀ.ਸੀ. ਅਲੈਗਜ਼ੈਂਡਰ ਮਹਾਰਾਸ਼ਟਰ ਦੇ ਰਾਜਪਾਲ ਸਨ, ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਇੱਕ ਪ੍ਰਭਾਵਸ਼ਾਲੀ ਸਹਿਯੋਗੀ, ਨਿੱਜੀ ਤੌਰ ’ਤੇ ਡਾ. ਅਲੈਗਜ਼ੈਂਡਰ ਦੇ ਸੰਪਰਕ ਵਿੱਚ ਸੀ, ਉਨ੍ਹਾਂ ਨੂੰ ਅਜਿਹਾ ਸੰਕੇਤ ਦੇ ਰਹੇ ਸੀ ਜਿਵੇਂ ਉਹ ਵਾਜਪਾਈ ਦੇ ਦੂਤ ਹੋਣ। ਦੂਜੇ ਪਾਸੇ, ਇਹੀ ਸੱਜਣ ਲਗਾਤਾਰ ਵਾਜਪਾਈ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਡਾ. ਅਲੈਗਜ਼ੈਂਡਰ, ਜੋ ਇੱਕ ਈਸਾਈ ਹਨ, ਨੂੰ ਰਾਸ਼ਟਰਪਤੀ ਦਾ ਉਮੀਦਵਾਰ ਬਣਾਉਣਾ ਚਾਹੀਦਾ। ਅਜਿਹਾ ਕਰਨ ਨਾਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਬੇਚੈਨ ਹੋ ਜਾਵੇਗੀ ਅਤੇ ਪ੍ਰਧਾਨ ਮੰਤਰੀ ਬਣਨ ਦੀਆਂ ਉਨ੍ਹਾਂ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਨਹੀਂ ਰਹਿਣਗੀਆਂ, ਕਿਉਂਕਿ ਦੇਸ਼ ਇੱਕ ਈਸਾਈ ਰਾਸ਼ਟਰਪਤੀ ਦੇ ੁਹੁੰਦਿਆਂ ਇੱਕ ਹੋਰ ਈਸਾਈ ਪ੍ਰਧਾਨ ਮੰਤਰੀ ਨਹੀਂ ਬਣ ਸਕੇਗਾ।
ਦੂਜੇ ਪਾਸੇ, ਉਸ ਸਮੇਂ ਦੇ ਉਪ ਰਾਸ਼ਟਰਪਤੀ ਕ੍ਰਿਸ਼ਨ ਕਾਂਤ ਨੇ ਐਨਡੀਏ ਕਨਵੀਨਰ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਅਤੇ ਹੋਰ ਨੇਤਾਵਾਂ 'ਤੇ ਆਪਣੀ ਉਮੀਦਵਾਰੀ ਲਈ ਭਰੋਸਾ ਕੀਤਾ। ਇਸ ਦੌਰਾਨ, ਭਾਜਪਾ ਦੇ ਅੰਦਰੋਂ ਆਵਾਜ਼ਾਂ ਆਉਣ ਲੱਗੀਆਂ ਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਅੰਦਰੋਂ ਹੀ ਕਿਸੇ ਸੀਨੀਅਰ ਨੇਤਾ ਨੂੰ ਇਸ ਅਹੁਦੇ ਲਈ ਚੁਣਿਆ ਜਾਵੇ। ਵਾਜਪਾਈ ਨੇ ਸਾਰਿਆਂ ਦੀ ਗੱਲ ਸੁਣੀ, ਪਰ ਆਪਣੇ ਵਿਚਾਰ ਰੋਕੀ ਰੱਖੇ। ਪੂਰਾ ਵਿਰੋਧੀ ਧਿਰ ਐਨਡੀਏ ਉਮੀਦਵਾਰ ਦੇ ਵਿਰੁੱਧ ਸੇਵਾਮੁਕਤ ਰਾਸ਼ਟਰਪਤੀ ਕੇ.ਆਰ. ਨਾਰਾਇਣਨ ਨੂੰ ਮੈਦਾਨ ਵਿੱਚ ਉਤਾਰਨ ਦੀ ਸਰਗਰਮੀ ਨਾਲ ਕੋਸ਼ਿਸ਼ ਕਰ ਰਿਹਾ ਸੀ, ਜਿਸਨੂੰ ਉਨ੍ਹਾਂ ਨੇ ਰੱਦ ਕਰ ਦਿੱਤਾ। ਨਾਰਾਇਣਨ ਦੀ ਸ਼ਰਤ ਸੀ ਕਿ ਉਹ ਸਿਰਫ਼ ਤਾਂ ਹੀ ਚੋਣ ਲੜਨਗੇ ਜੇਕਰ ਉਹ ਬਿਨਾਂ ਵਿਰੋਧ ਚੁਣੇ ਜਾਣ।
ਲੇਖਕ ਦੇ ਅਨੁਸਾਰ, ਵਾਜਪਾਈ ਨੇ ਆਪਣੀ ਪਾਰਟੀ ਦੇ ਅੰਦਰੋਂ ਆਏ ਸੁਝਾਵਾਂ ਨੂੰ ਸਾਫ਼-ਸਾਫ਼ ਰੱਦ ਕਰ ਦਿੱਤਾ ਕਿ ਉਨ੍ਹਾਂ ਨੂੰ ਖੁਦ ਰਾਸ਼ਟਰਪਤੀ ਭਵਨ ਚਲੇ ਜਾਣਾ ਚਾਹੀਦਾ ਹੈ ਅਤੇ ਪ੍ਰਧਾਨ ਮੰਤਰੀ ਦਾ ਅਹੁਦਾ ਆਪਣੇ ਦੂਜੇ ਨੰਬਰ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਸੌਂਪ ਦੇਣਾ ਚਾਹੀਦਾ ਹੈ। ਵਾਜਪਾਈ ਇਸਦੇ ਲਈ ਤਿਆਰ ਨਹੀਂ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਬਹੁਮਤ ਦੇ ਜ਼ੋਰ 'ਤੇ ਇੱਕ ਪ੍ਰਸਿੱਧ ਪ੍ਰਧਾਨ ਮੰਤਰੀ ਦਾ ਰਾਸ਼ਟਰਪਤੀ ਬਣਨਾ ਭਾਰਤੀ ਸੰਸਦੀ ਲੋਕਤੰਤਰ ਲਈ ਚੰਗਾ ਸੰਕੇਤ ਨਹੀਂ ਹੋਵੇਗਾ ਅਤੇ ਇਹ ਇੱਕ ਬਹੁਤ ਹੀ ਗਲਤ ਪਰੰਪਰਾ ਦੀ ਸ਼ੁਰੂਆਤ ਹੋਵੇਗੀ ਤੇ ਉਹ ਅਜਿਹੇ ਕਦਮ ਦਾ ਸਮਰਥਨ ਕਰਨ ਵਾਲੇ ਆਖਰੀ ਵਿਅਕਤੀ ਹੋਣਗੇ।
ਵਾਜਪਾਈ ਨੇ ਵਿਰੋਧੀ ਕਾਂਗਰਸ ਦੇ ਆਗੂਆਂ ਨੂੰ ਰਾਸ਼ਟਰਪਤੀ ਉਮੀਦਵਾਰ 'ਤੇ ਸਹਿਮਤੀ ਬਣਾਉਣ ਲਈ ਸੱਦਾ ਦਿੱਤਾ। ਅਸ਼ੋਕ ਟੰਡਨ ਲਿਖਦੇ ਹਨ, ਮੈਨੂੰ ਯਾਦ ਹੈ ਕਿ ਸੋਨੀਆ ਗਾਂਧੀ, ਪ੍ਰਣਬ ਮੁਖਰਜੀ ਅਤੇ ਡਾ. ਮਨਮੋਹਨ ਸਿੰਘ ਉਨ੍ਹਾਂ ਨੂੰ ਮਿਲਣ ਆਏ ਸਨ। ਵਾਜਪਾਈ ਨੇ ਪਹਿਲੀ ਵਾਰ ਅਧਿਕਾਰਤ ਤੌਰ 'ਤੇ ਖੁਲਾਸਾ ਕੀਤਾ ਕਿ ਐਨਡੀਏ ਨੇ ਡਾ. ਏ.ਪੀ.ਜੇ. ਅਬਦੁਲ ਕਲਾਮ ਨੂੰ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ। ਇੱਕ ਪਲ ਦੀ ਚੁੱਪੀ ਰਹੀ। ਫਿਰ ਸੋਨੀਆ ਗਾਂਧੀ ਨੇ ਚੁੱਪੀ ਤੋੜੀ ਅਤੇ ਕਿਹਾ, ਅਸੀਂ ਤੁਹਾਡੀ ਚੋਣ ਤੋਂ ਹੈਰਾਨ ਹਾਂ। ਸਾਡੇ ਕੋਲ ਉਨ੍ਹਾਂ ਦਾ ਸਮਰਥਨ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ, ਪਰ ਅਸੀਂ ਤੁਹਾਡੇ ਪ੍ਰਸਤਾਵ 'ਤੇ ਚਰਚਾ ਕਰਾਂਗੇ ਅਤੇ ਫੈਸਲਾ ਲਵਾਂਗੇ। ਬਾਕੀ ਇਤਿਹਾਸ ਬਣ ਗਿਆ। ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਆਪਣੀ ਪਾਰਟੀ ਦੇ ਸਮਰਥਨ ਦਾ ਐਲਾਨ ਕਰਦੇ ਹੋਏ ਕਿਹਾ, ਡਾ. ਕਲਾਮ ਮੇਰੀ ਪਸੰਦ ਹਨ।ਕਿਤਾਬ ਵਿੱਚ ਕਿਹਾ ਗਿਆ ਹੈ ਕਿ ਡਾ. ਅਲੈਗਜ਼ੈਂਡਰ ਨੇ ਆਪਣੀ ਆਤਮਕਥਾ ਵਿੱਚ 2002 ਵਿੱਚ ਉਨ੍ਹਾਂ ਨੂੰ ਰਾਸ਼ਟਰਪਤੀ ਨਾ ਬਣਨ ਦੇਣ ਲਈ ਕਈ ਲੋਕਾਂ ਨੂੰ ਦੋਸ਼ੀ ਠਹਿਰਾਇਆ। ਕਾਂਗਰਸ ਸਰਕਾਰ ਵਿੱਚ ਸਾਬਕਾ ਕੇਂਦਰੀ ਮੰਤਰੀ ਕੁੰਵਰ ਨਟਵਰ ਸਿੰਘ ਦੇ ਅਨੁਸਾਰ, ਡਾ. ਅਲੈਗਜ਼ੈਂਡਰ ਨੇ ਇਸ ਲਈ ਉਨ੍ਹਾਂ ਨੂੰ ਅਤੇ ਵਾਜਪਾਈ ਦੇ ਪ੍ਰਮੁੱਖ ਸਕੱਤਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਬ੍ਰਜੇਸ਼ ਮਿਸ਼ਰਾ ਨੂੰ ਵੀ ਦੋਸ਼ੀ ਠਹਿਰਾਇਆ ਸੀ। ਡਾ. ਕਲਾਮ ਦੇ ਨਾਮ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਉਨ੍ਹਾਂ ਦਾ ਨਾਮ ਰਾਸ਼ਟਰਪਤੀ ਦੀ ਦੌੜ ਵਿੱਚ ਕਿਤੇ ਵੀ ਨਹੀਂ ਸੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ