
ਲੁਧਿਆਣਾ, 17 ਦਸੰਬਰ (ਹਿੰ. ਸ.)। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਨਗਰ ਨਿਗਮ ਲੁਧਿਆਣਾ, ਸਮੂਹ ਨਗਰ ਕੌਂਸਲਾਂ/ਨਗਰ ਪੰਚਾਇਤ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਅਵਾਰਾ ਕੁੱਤਿਆਂ ਲਈ ਨਿਰਧਾਰਤ ਫੀਡਿੰਗ ਪੁਆਇੰਟਾਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ। ਇਸ ਪਹਿਲਕਦਮੀ ਦਾ ਉਦੇਸ਼ ਅਵਾਰਾ ਕੁੱਤਿਆਂ ਨੂੰ ਲੋੜੀਂਦਾ ਭੋਜਨ ਮੁਹੱਈਆਂ ਕਰਵਾ ਕੇ ਉਨ੍ਹਾਂ ਦੀ ਹਮਲਾਵਰਤਾ ਅਤੇ ਵਸਨੀਕਾਂ ਨਾਲ ਟਕਰਾਅ ਨੂੰ ਘਟਾਉਣਾ ਹੈ।
ਨਗਰ ਨਿਗਮ, ਸਮੂਹ ਨਗਰ ਕੌਂਸਲਾਂ/ਨਗਰ ਪੰਚਾਇਤ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ), ਪੇਂਡੂ ਵਿਕਾਸ ਅਤੇ ਪੰਚਾਇਤਾਂ, ਸਿਹਤ, ਪਸ਼ੂ ਪਾਲਣ, ਪੁਲਿਸ, ਸੋਸਾਇਟੀ ਫਾਰ ਪ੍ਰੀਵੈਂਸ਼ਨ ਆਫ਼ ਕਰੂਏਲਟੀ ਟੂ ਐਨੀਮਲਜ਼ (ਐਸ.ਪੀ.ਸੀ.ਏ) ਅਤੇ ਹੋਰ ਭਾਈਵਾਲਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹਿਮਾਂਸ਼ੂ ਜੈਨ ਨੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ 'ਤੇ ਜ਼ੋਰ ਦਿੱਤਾ।
ਉਨ੍ਹਾਂ ਨਗਰ ਨਿਗਮ, ਸਮੂਹ ਨਗਰ ਕੌਂਸਲਾਂ/ਨਗਰ ਪੰਚਾਇਤ ਅਤੇ ਪੰਚਾਇਤ ਵਿਭਾਗ ਨੂੰ ਢੁਕਵੇਂ ਫੀਡਿੰਗ ਜ਼ੋਨਾਂ ਦਾ ਨਕਸ਼ਾ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਵਾਰਾ ਕੁੱਤੇ ਝੁੰਡਾਂ ਵਿੱਚ ਰਹਿੰਦੇ ਹਨ ਅਤੇ ਭੋਜਨ ਲਈ ਕਿਸੇ ਹੋਰ ਸਮੂਹ ਦੇ ਖੇਤਰ ਵਿੱਚ ਘੱਟ ਹੀ ਜਾਂਦੇ ਹਨ। ਨਿਰਧਾਰਤ ਥਾਵਾਂ ਭੁੱਖ ਕਾਰਨ ਹੋਣ ਵਾਲੇ ਹਮਲੇ ਨੂੰ ਰੋਕਣ, ਕੁੱਤਿਆਂ ਦੀ ਆਬਾਦੀ ਨੂੰ ਸੀਮਤ ਕਰਨ ਅਤੇ ਜਨਤਕ ਥਾਵਾਂ 'ਤੇ ਅਨਿਯੰਤ੍ਰਿਤ ਭੋਜਨ ਨੂੰ ਰੋਕਣ ਵਿੱਚ ਮਦਦ ਕਰਨਗੀਆਂ ਜੋ ਨਾਗਰਿਕਾਂ ਲਈ ਸੁਰੱਖਿਆ ਜੋਖਮ ਜਾਂ ਅਸੁਵਿਧਾਵਾਂ ਪੈਦਾ ਕਰਦੀਆਂ ਹਨ। ਉਨ੍ਹਾਂ ਨਿਗਮ ਕਰਮਚਾਰੀਆਂ ਨੂੰ ਇਨ੍ਹਾਂ ਫੀਡਿੰਗ ਜ਼ੋਨਾਂ 'ਤੇ ਸਫਾਈ ਬਣਾਈ ਰੱਖਣ ਲਈ ਵੀ ਕਿਹਾ।
ਉਨ੍ਹਾਂ ਸਬੰਧਤ ਕੇਂਦਰਾਂ 'ਤੇ ਪਸ਼ੂ ਜਨਮ ਨਿਯੰਤਰਣ (ਏ.ਬੀ.ਸੀ) ਪ੍ਰੋਗਰਾਮ ਅਧੀਨ ਕੁੱਤਿਆਂ ਨੂੰ ਫੜਨ ਵਾਲੀਆਂ ਟੀਮਾਂ ਅਤੇ ਚੱਲ ਰਹੀਆਂ ਨਸਬੰਦੀ ਗਤੀਵਿਧੀਆਂ ਬਾਰੇ ਵਿਸਤ੍ਰਿਤ ਰਿਪੋਰਟਾਂ ਮੰਗੀਆਂ। ਉਨ੍ਹਾਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਪਿੰਡਾਂ ਵਿੱਚ ਕੁੱਤਿਆਂ ਦੀ ਨਸਬੰਦੀ ਸਬੰਧੀ ਸਰਪੰਚਾਂ ਨਾਲ ਗੱਲਬਾਤ ਕਰਨ ਲਈ ਵੀ ਕਿਹਾ।
ਇਸ ਤੋਂ ਇਲਾਵਾ ਹਿਮਾਂਸ਼ੂ ਜੈਨ ਨੇ ਸਿਹਤ ਵਿਭਾਗ ਨੂੰ ਸਾਰੇ ਹਸਪਤਾਲਾਂ ਵਿੱਚ ਐਂਟੀ-ਰੇਬੀਜ਼ ਟੀਕਿਆਂ ਅਤੇ ਇਮਯੂਨੋਗਲੋਬੂਲਿਨ ਦੀ ਨਿਰਵਿਘਨ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਦੀ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਿਪੋਰਟ ਕੀਤੀ ਜਾਣੀ ਚਾਹੀਦੀ ਹੈ। ਇੱਕ ਸਮਰਪਿਤ ਕੰਟਰੋਲ ਰੂਮ ਜਲਦੀ ਹੀ ਸਥਾਪਤ ਕੀਤਾ ਜਾਣਾ ਹੈ, ਨਾਲ ਹੀ ਇੱਕ ਜਨਤਕ ਹੈਲਪਲਾਈਨ ਸ਼ੁਰੂ ਕੀਤੀ ਜਾਣੀ ਹੈ।
ਸੜਕ ਸੁਰੱਖਿਆ ਸਬੰਧੀ ਮੁਸ਼ਕਿਲਾਂ ਬਾਰੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਲੁਧਿਆਣਾ, ਸਮੂਹ ਨਗਰ ਕੌਂਸਲਾਂ/ਨਗਰ ਪੰਚਾਇਤ, ਐਨ.ਐਚ.ਏ.ਆਈ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਹਾਦਸਿਆਂ ਨੂੰ ਘਟਾਉਣ ਲਈ ਹਾਈਵੇਅ ਅਤੇ ਸੜਕਾਂ ਤੋਂ ਅਵਾਰਾ ਪਸ਼ੂਆਂ ਨੂੰ ਪਿੰਡ ਬੁਰਜ ਪਵਾਤ ਵਿਖੇ ਸਰਕਾਰੀ ਗਊਸ਼ਾਲਾ ਵਿੱਚ ਆਸਰਾ ਦੇਣ।
ਹਿਮਾਂਸ਼ੂ ਜੈਨ ਨੇ ਕਿਹਾ ਕਿ ਇਨ੍ਹਾਂ ਉਪਾਵਾਂ ਦੀ ਪ੍ਰਗਤੀ ਦੀ ਹਰ ਮੰਗਲਵਾਰ ਸਮੀਖਿਆ ਕੀਤੀ ਜਾਵੇਗੀ, ਜਿਸ ਵਿੱਚ ਵਿਭਾਗੀ ਪ੍ਰਦਰਸ਼ਨ ਦੇ ਆਧਾਰ 'ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ