
ਮੁੰਬਈ, 17 ਦਸੰਬਰ (ਹਿੰ.ਸ.)। ਅਦਾਕਾਰਾ ਸੋਭਿਤਾ ਧੂਲੀਪਾਲਾ ਅਤੇ ਨਾਗਾ ਚੈਤੰਨਿਆ ਨੇ 4 ਦਸੰਬਰ, 2025 ਨੂੰ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ ਮਨਾਈ। ਕੁਝ ਸਮੇਂ ਤੋਂ, ਸੋਸ਼ਲ ਮੀਡੀਆ 'ਤੇ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਸਟਾਰ ਜੋੜਾ ਜਲਦੀ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰੇਗਾ। ਹਾਲਾਂਕਿ, ਨਾ ਤਾਂ ਸੋਭਿਤਾ ਅਤੇ ਨਾ ਹੀ ਨਾਗਾ ਚੈਤੰਨਿਆ ਨੇ ਇਨ੍ਹਾਂ ਅਫਵਾਹਾਂ 'ਤੇ ਅਧਿਕਾਰਤ ਤੌਰ 'ਤੇ ਪ੍ਰਤੀਕਿਰਿਆ ਦਿੱਤੀ ਹੈ। ਹੁਣ, ਇਸ ਮਾਮਲੇ 'ਤੇ ਨਾਗਾਰਜੁਨ ਦੇ ਬਿਆਨ ਨੇ ਅਟਕਲਾਂ ਨੂੰ ਹੋਰ ਹਵਾ ਦੇ ਦਿੱਤੀ ਹੈ।
ਗਰਭ ਅਵਸਥਾ ਦੀਆਂ ਅਫਵਾਹਾਂ 'ਤੇ ਨਾਗਾਰਜੁਨ ਦਾ ਟਾਲ-ਮਟੋਲ ਵਾਲਾ ਜਵਾਬ :
ਇੱਕ ਇੰਟਰਵਿਊ ਵਿੱਚ, ਨਾਗਾਰਜੁਨ ਤੋਂ ਪੁੱਛਿਆ ਗਿਆ ਕਿ ਕੀ ਉਹ ਸੱਚਮੁੱਚ ਦਾਦਾ ਬਣਨ ਵਾਲੇ ਹਨ। ਅਦਾਕਾਰ ਸ਼ੁਰੂ ਵਿੱਚ ਇੱਕ ਪਲ ਲਈ ਇਸ ਸਵਾਲ 'ਤੇ ਸੋਚਦੇ ਦਿਖਾਈ ਦਿੱਤੇ, ਫਿਰ ਹਲਕੀ ਜਿਹੀ ਮੁਸਕਰਾਹਟ ਨਾਲ ਉੱਥੋਂ ਜਾਣ ਦੀ ਕੋਸ਼ਿਸ਼ ਕੀਤੀ। ਦੁਬਾਰਾ ਪੁੱਛੇ ਜਾਣ 'ਤੇ, ਨਾਗਾਰਜੁਨ ਹੱਸਿਆ ਅਤੇ ਕਿਹਾ, ਮੈਂ ਤੁਹਾਨੂੰ ਸਹੀ ਸਮਾਂ ਆਉਣ 'ਤੇ ਦੱਸਾਂਗਾ। ਉਨ੍ਹਾਂ ਨੇ ਨਾ ਤਾਂ ਰਿਪੋਰਟਾਂ ਦੀ ਪੁਸ਼ਟੀ ਕੀਤੀ ਅਤੇ ਨਾ ਹੀ ਪੂਰੀ ਤਰ੍ਹਾਂ ਖੰਡਨ ਕੀਤਾ।
ਨਾਗਾਅਰਜੁਨ ਦੇ ਜਵਾਬ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਪ੍ਰਸ਼ੰਸਕ ਹੁਣ ਅੰਦਾਜ਼ਾ ਲਗਾ ਰਹੇ ਹਨ ਕਿ ਅਫਵਾਹਾਂ ਵਿੱਚ ਕੁਝ ਸੱਚਾਈ ਹੋ ਸਕਦੀ ਹੈ, ਅਤੇ ਬਹੁਤ ਸਾਰੇ ਪਹਿਲਾਂ ਹੀ ਸੋਭਿਤਾ ਅਤੇ ਨਾਗਾ ਚੈਤੰਨਿਆ ਨੂੰ ਵਧਾਈਆਂ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਸੋਭਿਤਾ ਅਤੇ ਨਾਗਾ ਚੈਤੰਨਿਆ ਨੇ 2022 ਵਿੱਚ ਡੇਟਿੰਗ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਵਿੱਚ ਉਨ੍ਹਾਂ ਨੇ 2024 ਵਿੱਚ ਮੰਗਣੀ ਕਰਕੇ ਆਪਣੇ ਰਿਸ਼ਤੇ ਨੂੰ ਰਸਮੀ ਰੂਪ ਦਿੱਤਾ। ਸੋਭਿਤਾ ਤੋਂ ਪਹਿਲਾਂ, ਨਾਗਾ ਚੈਤੰਨਿਆ ਦਾ ਵਿਆਹ ਸਮੰਥਾ ਰੂਥ ਪ੍ਰਭੂ ਨਾਲ ਹੋਇਆ ਸੀ, ਜੋ 2021 ਵਿੱਚ ਖਤਮ ਹੋ ਗਿਆ ਸੀ। ਉੱਥੇ ਹੀ ਸਮੰਥਾ ਨੇ ਇਸ ਸਾਲ ਦਸੰਬਰ ਵਿੱਚ ਫਿਲਮ ਨਿਰਮਾਤਾ ਰਾਜ ਨਿਦੀਮੋਰੂ ਨਾਲ ਵਿਆਹ ਕਰਵਾਇਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ