
ਮੋਹਾਲੀ, 17 ਦਸੰਬਰ (ਹਿੰ. ਸ.)। ਦੁੱਧ ਅਤੇ ਪਨੀਰ ਵਰਗੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਵਿੱਚ ਮਿਲਾਵਟ ਹੁਣ ਸਿਰਫ਼ ਧੋਖਾਧੜੀ ਨਹੀਂ ਰਹੀ, ਸਗੋਂ ਲੋਕਾਂ ਦੀ ਜ਼ਿੰਦਗੀ ਨਾਲ ਖੁੱਲ੍ਹਾ ਖਿਲਵਾਰ ਬਣ ਚੁੱਕੀ ਹੈ। ਬੀਤੇ ਦਿਨੀਂ ਪਾਰਲੀਮੈਂਟ ਵਿੱਚ ਪੇਸ਼ ਹੋਈ ਰਿਪੋਰਟ ਵਿੱਚ ਪੰਜਾਬ ਦੀ ਹਾਲਤ ਨੂੰ ਲੈ ਕੇ ਸਾਹਮਣੇ ਆਏ ਤੱਥਾਂ ਨੇ ਚਿੰਤਾ ਵਧਾ ਦਿੱਤੀ ਹੈ। ਖ਼ਾਸ ਕਰਕੇ ਤੇਜ਼ੀ ਨਾਲ ਵਧ ਰਹੇ ਸ਼ਹਿਰ ਮੋਹਾਲੀ ਵਿੱਚ ਨਕਲੀ ਦੁੱਧ ਅਤੇ ਕੈਮੀਕਲ ਪਨੀਰ ਦੀ ਬੇਤਹਾਸ਼ਾ ਵਿਕਰੀ ਲੋਕਾਂ ਨੂੰ ਗੰਭੀਰ ਬਿਮਾਰੀਆਂ ਵੱਲ ਧੱਕ ਰਹੀ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸ਼ਹਿਰ ਵਿੱਚ ਵਿਕ ਰਹੇ ਨਕਲੀ ਦੁੱਧ ਅਤੇ ਪਨੀਰ ’ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਦੀ ਆਬਾਦੀ ਤੇਜ਼ੀ ਨਾਲ ਵਧੀ ਹੈ ਪਰ ਇਸ ਅਨੁਪਾਤ ਵਿੱਚ ਨਾ ਤਾਂ ਪਸ਼ੂ ਪਾਲਣ ਹੈ ਅਤੇ ਨਾ ਹੀ ਅਸਲੀ ਦੁੱਧ ਦੀ ਉਪਲਬਧਤਾ। ਫਿਰ ਵੀ ਹਰ ਗਲੀ–ਮੁਹੱਲੇ ਵਿੱਚ ਦੁੱਧ ਅਤੇ ਪਨੀਰ ਨਾਲ ਬਣੀਆਂ ਚੀਜ਼ਾਂ ਬੇਰੋਕ ਟੋਕ ਵਿਕ ਰਹੀਆਂ ਹਨ, ਜੋ ਆਪਣੇ ਆਪ ਵਿੱਚ ਵੱਡਾ ਸਵਾਲ ਖੜ੍ਹਾ ਕਰਦੀਆਂ ਹਨ।
ਉਨ੍ਹਾਂ ਦੱਸਿਆ ਕਿ ਪਿੰਡਾਂ ਸਮੇਤ ਆਲੇ–ਦੁਆਲੇ ਦੇ ਇਲਾਕਿਆਂ ਵਿੱਚ ਪਸ਼ੂਆਂ ਦੀ ਗਿਣਤੀ ਕਾਫ਼ੀ ਘੱਟ ਹੋ ਚੁੱਕੀ ਹੈ। ਐਸੇ ਵਿੱਚ ਸਵਾਲ ਇਹ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਦੁੱਧ ਤੇ ਪਨੀਰ ਆਖ਼ਰ ਆ ਕਿੱਥੋਂ ਰਿਹਾ ਹੈ? ਨਾ ਸਰਕਾਰ ਕੋਲ ਇਸਦਾ ਕੋਈ ਸਪਸ਼ਟ ਡਾਟਾ ਹੈ ਅਤੇ ਨਾ ਹੀ ਲੋਕਾਂ ਨੂੰ ਸਹੀ ਜਾਣਕਾਰੀ ਮਿਲ ਰਹੀ ਹੈ। ਨਤੀਜਾ ਇਹ ਹੈ ਕਿ ਲੋਕ ਬਿਮਾਰੀਆਂ ਦੀ ਚਪੇਟ ਵਿੱਚ ਆ ਰਹੇ ਹਨ ਅਤੇ ਸਿਹਤ ਉੱਤੇ ਵਾਧੂ ਖ਼ਰਚਾ ਕਰਨ ਲਈ ਮਜਬੂਰ ਹੋ ਰਹੇ ਹਨ।
ਕੁਲਜੀਤ ਸਿੰਘ ਬੇਦੀ ਨੇ ਮੰਗ ਕੀਤੀ ਕਿ ਫੂਡ ਸੇਫ਼ਟੀ ਵਿਭਾਗ ਵਿੱਚ ਕਰਮਚਾਰੀਆਂ ਦੀ ਗਿਣਤੀ ਵਧਾਈ ਜਾਵੇ ਅਤੇ ਹਰ ਮਹੀਨੇ ਨਿਯਮਤ ਤੌਰ ’ਤੇ ਦੁੱਧ ਤੇ ਪਨੀਰ ਦੀ ਸੈਂਪਲਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿੱਥੇ ਲੋਕਾਂ ਦਾ ਪਹਿਲਾਂ ਵੱਡਾ ਖ਼ਰਚਾ ਖਾਣ–ਪੀਣ ’ਤੇ ਹੁੰਦਾ ਸੀ, ਹੁਣ ਉਹੀ ਲੋਕ ਦਵਾਈਆਂ ’ਤੇ ਹਜ਼ਾਰਾਂ ਰੁਪਏ ਖਰਚਣ ਲਈ ਮਜਬੂਰ ਹਨ। ਖ਼ਾਸ ਕਰਕੇ ਬਜ਼ੁਰਗ ਅਤੇ ਛੋਟੇ ਬੱਚੇ ਇਸ ਜ਼ਹਰੀਲੇ ਦੁੱਧ–ਪਨੀਰ ਕਾਰਨ ਗੰਭੀਰ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ।
ਡਿਪਟੀ ਮੇਅਰ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਨਕਲੀ ਦੁੱਧ ਅਤੇ ਕੈਮੀਕਲ ਪਨੀਰ ਵੇਚਣ ਵਾਲੇ ਲੋਕਾਂ ਦੇ ਖ਼ਿਲਾਫ਼ ਸਿਰਫ਼ ਛੋਟੀ ਕਾਰਵਾਈ ਨਹੀਂ, ਸਗੋਂ ਕਤਲ ਵਰਗੇ ਗੰਭੀਰ ਮਾਮਲੇ ਦਰਜ ਹੋਣੇ ਚਾਹੀਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੀ ਸਿਹਤ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਅਤੇ ਇਸ ਮਾਫੀਆ ਖ਼ਿਲਾਫ਼ ਬਿਨਾਂ ਦੇਰੀ ਸਖ਼ਤ ਕਦਮ ਚੁੱਕਣੇ ਲਾਜ਼ਮੀ ਹਨ, ਤਾਂ ਜੋ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਅਤੇ ਖ਼ਾਲਿਸ ਖੁਰਾਕ ਮਿਲ ਸਕੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ