ਬੱਚਿਆਂ ਨਾਲ ਜਿਨਸੀ ਸ਼ੋਸ਼ਣ ਵਿਰੁੱਧ ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਸਕੂਲਾਂ ’ਚ ਜਾਗਰੂਕਤਾ ਸਬੰਧੀ “ਕੋਮਲ” ਫਿਲਮ ਦਿਖਾਈ
ਸੰਗਰੂਰ, 18 ਦਸੰਬਰ (ਹਿੰ. ਸ.)। ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਉਣ ਸਬੰਧੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਸੰਗਰੂਰ ਦੇ ਵੱਖ–ਵੱਖ ਸਰਕਾਰੀ ਸਕੂਲਾਂ ਵਿੱਚ “ਕੋਮਲ” ਫਿਲਮ ਜਾਗਰੂਕਤਾ ਲਈ ਦਿਖਾਈ ਗਈ, ਜੋ ਕਿ ਬੱਚਿਆਂ ਨਾਲ ਹੋਣ ਵਾਲੇ ਜਿਨਸੀ ਸ਼ੋਸ਼ਣ ’ਤੇ ਆਧਾਰਿਤ
ਬੱਚਿਆਂ ਨਾਲ ਜਿਨਸੀ ਸ਼ੋਸ਼ਣ ਵਿਰੁੱਧ ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਸਕੂਲਾਂ ’ਚ ਜਾਗਰੂਕਤਾ ਸਬੰਧੀ “ਕੋਮਲ” ਫਿਲਮ ਦਿਖਾਏ ਜਾਣ ਦਾ ਦ੍ਰਿਸ਼।


ਸੰਗਰੂਰ, 18 ਦਸੰਬਰ (ਹਿੰ. ਸ.)। ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਉਣ ਸਬੰਧੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਸੰਗਰੂਰ ਦੇ ਵੱਖ–ਵੱਖ ਸਰਕਾਰੀ ਸਕੂਲਾਂ ਵਿੱਚ “ਕੋਮਲ” ਫਿਲਮ ਜਾਗਰੂਕਤਾ ਲਈ ਦਿਖਾਈ ਗਈ, ਜੋ ਕਿ ਬੱਚਿਆਂ ਨਾਲ ਹੋਣ ਵਾਲੇ ਜਿਨਸੀ ਸ਼ੋਸ਼ਣ ’ਤੇ ਆਧਾਰਿਤ ਫਿਲਮ ਹੈ। ਇਸ ਅਧੀਨ ਸਰਕਾਰੀ ਮਿਡਲ ਸਕੂਲ ਕਾਲਾਝਾੜ , ਸਰਕਾਰੀ ਮਿਡਲ ਸਕੂਲ ਦੇਹ ਕਲਾਂ ਅਤੇ ਸਰਕਾਰੀ ਹਾਈ ਸਕੂਲ ਕਿਲਾ ਭਰੀਆਂ ਵਿੱਚ ਵਿਦਿਆਰਥੀਆਂ ਨੂੰ ਇਹ ਫਿਲਮ ਦਿਖਾਈ ਗਈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਬਾਕੀ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਵੀ “ਕੋਮਲ” ਫਿਲਮ ਦਿਖਾਈ ਜਾ ਰਹੀ ਹੈ, ਤਾਂ ਜੋ ਹਰ ਬੱਚੇ ਤੱਕ ਬਾਲ ਸੁਰੱਖਿਆ ਸੰਬੰਧੀ ਜਾਗਰੂਕਤਾ ਪਹੁੰਚ ਸਕੇ। ਇਸ ਫਿਲਮ ਰਾਹੀਂ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਅ ਅਤੇ ਆਪਣੀ ਸੁਰੱਖਿਆ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਫਿਲਮ ਵਿੱਚ ਬੱਚਿਆਂ ਨੂੰ ਸੁਰੱਖਿਅਤ ਅਤੇ ਅਸੁਰੱਖਿਅਤ ਛੂਹ ਦੀ ਪਹਿਚਾਣ ਕਰਵਾਈ ਗਈ ਅਤੇ ਇਹ ਸਮਝਾਇਆ ਗਿਆ ਕਿ ਕਿਸੇ ਵੀ ਗਲਤ ਜਾਂ ਅਸਹਿਜ ਸਥਿਤੀ ਵਿੱਚ ਡਰਣ ਦੀ ਲੋੜ ਨਹੀਂ, ਬਲਕਿ ਹੌਸਲੇ ਨਾਲ “ਨਹੀਂ” ਕਹਿਣਾ ਚਾਹੀਦਾ ਹੈ। ਨਾਲ ਹੀ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ ਗਈ ਕਿ ਕਿਸੇ ਵੀ ਤਰ੍ਹਾਂ ਦੇ ਗਲਤ ਵਿਵਹਾਰ ਨੂੰ ਰਾਜ਼ ਨਾ ਰੱਖਣ ਅਤੇ ਤੁਰੰਤ ਆਪਣੇ ਮਾਤਾ–ਪਿਤਾ, ਅਧਿਆਪਕ ਜਾਂ ਕਿਸੇ ਭਰੋਸੇਯੋਗ ਵਿਅਕਤੀ ਨੂੰ ਇਸ ਬਾਰੇ ਦੱਸਣ। ਫਿਲਮ ਰਾਹੀਂ ਖਤਰਨਾਕ ਸਥਿਤੀਆਂ ਦੀ ਪਹਿਚਾਣ, ਅਣਜਾਣ ਲੋਕਾਂ ਤੋਂ ਸਾਵਧਾਨ ਰਹਿਣ ਅਤੇ ਮੁਸੀਬਤ ਦੇ ਸਮੇਂ ਮਦਦ ਲੈਣ ਦੇ ਤਰੀਕੇ ਵੀ ਸਮਝਾਏ ਗਏ। ਇਸ ਦੇ ਨਾਲ ਹੀ ਬੱਚਿਆਂ ਨੂੰ 1098 ਚਾਈਲਡ ਹੈਲਪਲਾਈਨ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਤੇ ਸਵੈ-ਸੁਰੱਖਿਆ ਦੀ ਭਾਵਨਾ ਵਿਕਸਤ ਕਰਨ ’ਤੇ ਜ਼ੋਰ ਦਿੱਤਾ ਗਿਆ।

ਫਿਲਮ ਦੇ ਪ੍ਰਦਰਸ਼ਨ ਉਪਰੰਤ ਸਕੂਲ ਪੱਧਰ ’ਤੇ ਅਧਿਆਪਕਾਂ ਅਤੇ ਸੰਬੰਧਿਤ ਅਧਿਕਾਰੀਆਂ ਵੱਲੋਂ ਬੱਚਿਆਂ ਨਾਲ ਸੰਵਾਦ ਕਰਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਸ਼ੰਕਾਵਾਂ ਦਾ ਨਿਵਾਰਨ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਤਾ–ਪਿਤਾ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਘਰ ਵਿੱਚ ਵੀ ਇਹ “ਕੋਮਲ” ਫਿਲਮ ਜ਼ਰੂਰ ਦਿਖਾਉਣ ਅਤੇ ਬੱਚਿਆਂ ਨਾਲ ਸੁਰੱਖਿਆ ਸਬੰਧੀ ਖੁੱਲ੍ਹੀ ਗੱਲਬਾਤ ਕਰਨ, ਤਾਂ ਜੋ ਬੱਚੇ ਕਿਸੇ ਵੀ ਗਲਤ ਘਟਨਾ ਦੀ ਸਥਿਤੀ ਵਿੱਚ ਬਿਨਾਂ ਡਰ ਮਦਦ ਲੈ ਸਕਣ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰ ਕੌਰ ਨੇ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਤਰ੍ਹਾਂ ਦੀਆਂ ਜਾਗਰੂਕਤਾ ਗਤੀਵਿਧੀਆਂ ਅੱਗੇ ਵੀ ਲਗਾਤਾਰ ਜਾਰੀ ਰਹਿਣਗੀਆਂ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande