
ਖੇਮਕਰਨ/ਤਰਨ ਤਾਰਨ, 18 ਦਸੰਬਰ (ਹਿੰ. ਸ.)। ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਸਾਰੇ ਜੋਨਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਸ਼ਾਨਦਾਰ ਤੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਸ ਸ਼ਾਨਦਾਰ ਜਿੱਤ ਲਈ ਵਿਧਾਨ ਸਭਾ ਹਲਕਾ ਖੇਮਰਕਨ ਦੇ ਵਿਧਾਇਕ ਸਰਵਣ ਸਿੰਘ ਧੁੰਨ ਨੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਆਮ ਲੋਕਾਂ ਦੀ ਅਤੇ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੀ ਜਿੱਤ ਹੈ।
ਵਿਧਾਇਕ ਸਰਵਣ ਸਿੰਘ ਧੁੰਨ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਖੇਮਰਕਨ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਸਾਰੇ ਹੀ 5 ਜੋਨਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਇਸੇ ਤਰ੍ਹਾਂ ਹਲਕੇ ਵਿੱਚ ਪੰਚਾਇਤ ਸੰਮਤੀਆਂ ਦੇ ਸਾਰੇ 41 ਜੋਨਾਂ ਉੱਪਰ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਇਤਿਹਾਸਕ ਜਿੱਤ ਦਰਜ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਆਪ ਦੀ ਹੋਈ ਇਤਿਹਾਸਿਕ ਜਿੱਤ `ਤੇ ਦਿਨ-ਰਾਤ ਮਿਹਨਤ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਅਹੁਦੇਦਾਰਾਂ, ਆਗੂਆਂ ਦਾ ਅਤੇ ਹਰ ਵਲੰਟੀਅਰ ਦਾ ਦਾਸ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ।
ਵਿਧਾਇਕ ਸਰਵਣ ਸਿੰਘ ਧੁੰਨ ਨੇ ਕਿਹਾ ਕਿ ਇਹ ਜਿੱਤ ਸਾਬਿਤ ਕਰਦੀ ਹੈ ਕਿ ਲੋਕ ਮਾਨ ਸਰਕਾਰ ਦੀਆ ਲੋਕ-ਪੱਖੀ ਨੀਤੀਆਂ ਤੋਂ ਸੰਤੁਸ਼ਟ ਹਨ, ਲੋਕ ਮੁਫ਼ਤ ਬਿਜਲੀ, ਸਿੱਖਿਆ ਕ੍ਰਾਂਤੀ, ਰੁਜ਼ਗਾਰ ਕ੍ਰਾਂਤੀ ਅਤੇ ਮਾਨ ਸਰਕਾਰ ਦੁਆਰਾ ਹੋਏ ਹੋਰ ਲੋਕ ਪੱਖੀ ਕੰਮਾਂ ਤੋਂ ਖ਼ੁਸ਼ ਹਨ ਅਤੇ ਮਾਨ ਸਰਕਾਰ ਨਾਲ ਖੜ੍ਹੇ ਹਨ। ਉਨ੍ਹਾਂ ਇਸ ਸ਼ਾਨਦਾਰ ਜਿੱਤ ਲਈ ਪਾਰਟੀ ਦੇ ਹਰ ਇੱਕ ਵਲੰਟੀਅਰ, ਆਗੂ ਸਾਥੀਆਂ ਅਤੇ ਆਪਣੇ ਹਲਕੇ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਦਰਜ ਕਰਕੇ ਇੱਕ ਵਾਰ ਫਿਰ ਆਪਣੀ ਸਰਕਾਰ ਬਣਾਏਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ