
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਦਸੰਬਰ (ਹਿੰ. ਸ.)। ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਸੌਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਤਲਵਿੰਦਰ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਅਪਰੇਸ਼ਨ), ਰਾਜਨ ਪਰਮਿੰਦਰ ਸਿੰਘ ਪੀ.ਪੀ.ਐਸ. ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਖੋਹ ਕੀਤੀਆਂ 02 ਸੋਨੇ ਦੀਆਂ ਚੇਨਾਂ, 04 ਮੋਬਾਇਲ ਫੋਨ, ਲੈਪਟਾਪ ਅਤੇ ਵਾਰਦਾਤਾਂ ਵਿੱਚ ਵਰਤਿਆ ਗਿਆ ਡੰਮੀ ਪਿਸਤੌਲ ਅਤੇ ਨਿਸ਼ਾਨ ਟਰੇਨੋ ਕਾਰ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਸੌਰਵ ਜਿੰਦਲ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਅਨੁਸਾਰ ਮਿਤੀ 12-12-2025 ਨੂੰ ਰੋਹਿਤ ਜੋਹਨ ਪੁੱਤਰ ਅਸ਼ੋਕ ਮਸੀਹ ਵਾਸੀ ਮਕਾਨ ਨੰ: 22 ਡਿਜਾਇਨਰ ਵਿਲਾ ਸੈਕਟਰ-125 ਸੰਨੀ ਇੰਨਕਲੇਵ ਖਰੜ ਦੇ ਬਿਆਨਾਂ ਦੇ ਅਧਾਰ ਤੇ 03 ਨਾ-ਮਾਲੂਮ ਕਾਰ ਸਵਾਰ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 309 ਮਿਤੀ 12-12-2025 ਅ/ਧ 304, 317(2) ਬੀ.ਐਨ.ਐਸ. BNS & 25-54-59 ਆਰਮਜ਼ ਐਕਟ ਥਾਣਾ ਸੋਹਾਣਾ ਵਿਖੇ ਦਰਜ ਰਜਿਸਟਰ ਹੋਇਆ ਸੀ ਕਿ ਮਿਤੀ 25/26-11-2025 ਦੀ ਦਰਮਿਆਨੀ ਰਾਤ ਨੂੰ ਉਹ ਅਤੇ ਉਸਦਾ ਦੋਸਤ ਅਤੁਲ ਸ਼ਰਮਾ ਆਪਣੀ ਗੱਡੀ ਨੰ: CH01-CD-2202 ਮਾਰਕਾ ਕਰੇਟਾ ਰੰਗ ਚਿੱਟਾ ਤੇ ਸਵਾਰ ਹੋ ਕੇ ਸੈਕਟਰ-84 ਮੋਹਾਲ਼ੀ ਰੋਡ ਤੇ ਖੜੇ ਸੀ ਤਾਂ ਇੱਕ ਗੱਡੀ ਮਾਰਕਾ ਡਸਟਰ ਪੀ.ਬੀ. 41 ਨੰਬਰ ਜਿਸ ਵਿੱਚੋਂ ਤਿੰਨ ਨੌਜਵਾਨ ਉਤਰਕੇ ਸਾਡੇ ਪਾਸ ਆਏ। ਜਿਨਾਂ ਵਿੱਚੋਂ ਇੱਕ ਨੌਜਵਾਨ ਪਾਸ ਪਿਸਤੌਲ ਸੀ, ਜਿਨਾਂ ਨੇ ਉਸਨੂੰ ਅਤੇ ਉਸਦੇ ਦੋਸਤ ਨੂੰ ਡਰਾ ਧਮਕਾ ਕੇ, ਗੰਨ ਪੁਆਇੰਟ ਤੇ ਸੋਨੇ ਦੀਆਂ ਚੇਨਾਂ ਅਤੇ ਦੋਨਾਂ ਦੇ ਮੋਬਾਇਲ ਫੋਨ ਮਾਰਕਾ ਆਈ.ਫੋਨ. 16, ਪਰਸ ਅਤੇ ਉਹਨਾਂ ਦੀ ਗੱਡੀ ਮਾਰਕਾ ਕਰੇਟਾ ਖੋਹ ਕਰ ਲਈ। ਖੋਹ ਕੀਤੀ ਕਰੇਟਾ ਕਾਰ ਲਵਾਰਿਸ ਹਾਲਤ ਵਿੱਚ ਸ਼ਹਿਰ ਸਮਰਾਲਾ ਦੇ ਏਰੀਆ ਵਿੱਚੋਂ ਮਿਲ਼ ਗਈ ਸੀ। ਜੋ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਟੈਕਨੀਕਲ ਅਤੇ ਹਿਊਮਨ ਸੋਰਸਾਂ ਦੀ ਮਦਦ ਨਾਲ਼ ਕਾਰਵਾਈ ਕਰਦੇ ਹੋਏ ਨਿਮਨਲਿਖਤ ਦੋਸ਼ੀਆਂਨ ਨੂੰ ਮਿਤੀ 15-12-2025 ਨੂੰ ਨਾਮਜਦ ਕਰਕੇ ਇੰਡਸਟਰੀਅਲ ਏਰੀਆ ਸੈਕਟਰ-82 ਮੋਹਾਲ਼ੀ ਤੋਂ ਗ੍ਰਿਫਤਾਰ ਕੀਤਾ ਗਿਆ।
ਬ੍ਰਾਮਦਗੀ ਦਾ ਵੇਰਵਾ:-
1. ਵਾਰਦਾਤ ਵਿੱਚ ਵਰਤੀ ਕਾਰ ਨਿਸ਼ਾਨ ਟਰੇਨੋ
2. ਵਾਰਦਾਤ ਵਿੱਚ ਵਰਤਿਆ ਡੰਮੀ ਪਿਸਤੋਂਲ
3. 02 ਖੋਹ ਕੀਤੀਆਂ ਚੈਨ ਸੋਨਾ
4. 04 ਮੋਬਾਇਲ ਫੋਨ (02 ਮੋਬਾਇਲ ਫੋਨ ਮਾਰਕਾ ਆਈਫੋਨ 16 (Iphone16), 01 ਫੋਨ ਓਪੋ (OPPO), ਇੱਕ ਫੋਨ ਮਾਰਕਾ ਸੈਮਸੰਗ (Samsung)
5. 01 ਲੈਪਟਾਪ ਐਚ.ਪੀ. (HP)
ਪੁੱਛਗਿੱਛ ਦੋਸ਼ੀ:-
1. ਦੋਸ਼ੀ ਗੁਰਵਿੰਦਰ ਸਿੰਘ ਉਰਫ ਗੁਰੀ ਪੁੱਤਰ ਸਵਰਨਜੀਤ ਸਿੰਘ ਵਾਸੀ ਪਿੰਡ ਪੋਵਾਤ ਥਾਣਾ ਮਾਛੀਵਾੜਾ ਸਾਹਿਬ, ਜ਼ਿਲ੍ਹਾ ਲੁਧਿਆਣਾ ਜਿਸਦੀ ਉਮਰ 33 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਅਣਵਿਆਹਿਆ ਹੈ। ਦੋਸ਼ੀ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ।
2. ਦੋਸ਼ੀ ਬਿਕਰਮ ਸਿੰਘ ਉਰਫ ਗੋਰਾ ਪੁੱਤਰ ਜਿੰਦਰ ਸਿੰਘ ਵਾਸੀ ਪਿੰਡ ਪੋਵਾਤ ਥਾਣਾ ਮਾਛੀਵਾੜਾ ਸਾਹਿਬ, ਜ਼ਿਲ੍ਹਾ ਲੁਧਿਆਣਾ ਜਿਸਦੀ ਉਮਰ ਕ੍ਰੀਬ 26 ਸਾਲ ਹੈ। ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਅਣਵਿਆਹਿਆ ਹੈ। ਦੋਸ਼ੀ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ।
3. ਦੋਸ਼ੀ ਹਰਮਨਪ੍ਰੀਤ ਸਿੰਘ ਉਰਫ ਗਗਨਾ ਪੁੱਤਰ ਮਨਜਿੰਦਰ ਸਿੰਘ ਵਾਸੀ ਪਿੰਡ ਪੋਵਾਤ ਥਾਣਾ ਮਾਛੀਵਾੜਾ ਸਾਹਿਬ, ਜ਼ਿਲ੍ਹਾ ਲੁਧਿਆਣਾ ਜਿਸਦੀ ਉਮਰ ਕ੍ਰੀਬ 31 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। ਦੋਸ਼ੀ ਦੇ ਵਿਰੁੱਧ ਪਹਿਲਾਂ ਵੀ ਥਾਣਾ ਸਮਰਾਲ਼ਾ ਵਿੱਚ ਨਜਾਇਜ ਸ਼ਰਾਬ ਅਤੇ ਨਸ਼ਾ ਤਸਕਰੀ ਦੇ 02 ਮੁਕੱਦਮੇ ਦਰਜ ਹਨ।
ਦੋਸ਼ੀਆਂਨ ਵੱਲੋਂ ਉਕਤ ਵਾਰਦਾਤ ਤੋਂ ਇਲਾਵਾ ਕੀਤੀਆਂ ਵਾਰਦਾਤਾ ਦਾ ਵੇਰਵਾ:-
1. ਦੋਸ਼ੀਆਂ ਵੱਲੋਂ ਮਿਤੀ 06/07-12-2025 ਦੀ ਦਰਮਿਆਨੀ ਰਾਤ ਨੂੰ ਕਾਰ ਨਿਸ਼ਾਨ ਟਰੇਨੋ ਤੇ ਸਵਾਰ ਹੋ ਕੇ ਮੋਹਾਲ਼ੀ ਸ਼ਹਿਰ ਦੇ ਮਾਨਵ ਮੰਗਲ ਸਕੂਲ ਦੇ ਸਾਹਮਣੇ ਸਵਿਫਟ ਗੱਡੀ ਲਗਾਕੇ ਖੜੇ ਦੋ ਵਿਅਕਤੀਆਂ ਨੂੰ ਡੰਮੀ ਪਿਸਟਲ ਦਿਖਾ ਕੇ ਉਹਨਾਂ ਦੇ ਮੋਬਾਇਲ਼ ਫੋਨ ਖੋਹ ਕੀਤੇ ਗਏ ਸਨ।
2. ਮਿਤੀ 09-12-2025 ਨੂੰ ਰਾਤ ਸਮੇਂ ਦੋਸ਼ੀਆਂ ਵੱਲੋਂ ਨੇੜੇ ਰੇਲਵੇ ਲਾਈਨ ਸੈਕਟਰ-81 ਮੋਹਾਲ਼ੀ ਦੇ ਏਰੀਆ ਵਿੱਚੋਂ ਰੋਡ ਤੇ ਇੱਕ ਸਾਈਡ ਆਲਟੋ ਗੱਡੀ ਵਿੱਚ ਬੈਠੇ ਲੜਕੀ ਅਤੇ ਲੜਕੇ ਨੂੰ ਡੰਮੀ ਪਿਸਟਲ ਨਾਲ਼ ਡਰਾ-ਧਮਕਾ ਕੇ ਲੈਪਟਾਪ ਮਾਰਕਾ ਐਚ.ਪੀ.(HP) ਖੋਹ ਕੀਤਾ ਗਿਆ।
3. ਫਿਰ ਮਿਤੀ 09-12-2025 ਨੂੰ ਹੀ ਨੇੜੇ ਪਿੰਡ ਦੋਸ਼ੀਆਂ ਵੱਲੋਂ ਪਿੰਡ ਚਿੱਲਾ ਮਨੌਲੀ ਪਾਸ ਇੱਕ ਗੱਡੀ ਵਿੱਚ ਬੈਠੇ ਲੜਕੇ ਅਤੇ ਲੜਕੀ ਨੂੰ ਡੰਮੀ ਪਿਸਤੌਲ ਦਿਖਾ ਕੇ 11 ਹਜਾਰ ਰੁਪਏ ਗੂਗਲ ਪੇਅ ਟ੍ਰਾਂਸਫਰ ਕਰਵਾਏ ਗਏ।
ਦੋਸ਼ੀਆਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਦੋਸ਼ੀ ਡੰਮੀ ਪਿਸਤੌਲ ਨਾਲ਼ ਰਾਹਗੀਰਾ ਅਤੇ ਕਾਰ ਸਵਾਰਾਂ ਨੂੰ ਡਰਾ-ਧਮਕਾ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ, ਜਿਨਾਂ ਪਾਸੋਂ ਹੋਰ ਵਾਰਦਾਤਾਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਨਾਂ ਪਾਸੋਂ ਹੋਰ ਵੀ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ