
ਸੰਗਰੂਰ, 18 ਦਸੰਬਰ (ਹਿੰ. ਸ.)। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀ ਸਰਪ੍ਰਸਤੀ ਅਧੀਨ ਕੰਮ ਕਰ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵਿਖੇ ਡੇਅਰੀ ਫਾਰਮਿੰਗ ਸਬੰਧੀ ਦਸ-ਦਿਨਾ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ। ਜਿਸ ਵਿੱਚ 25 ਕਿਸਾਨ ਵੀਰਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਨੇ ਭਾਗ ਲਿਆ। ਇਸ ਸਿਖਲਾਈ ਕੋਰਸ ਦੇ ਪਹਿਲੇ ਦਿਨ ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਸਾਰੇ ਸਿਖਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਉਦੇਸ਼ਾਂ ਅਤੇ ਕੰਮਕਾਜ ਬਾਰੇ ਵਿਸਥਾਰਪੂਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਖੇਤੀਬਾੜੀ ਵਿੱਚ ਸਹਾਇਕ ਕਿੱਤੇ ਵਜੋਂ ਡੇਅਰੀ ਫਾਰਮਿੰਗ ਦੇ ਆਰਥਿਕ ਮਹੱਤਵ ਅਤੇ ਦਾਇਰੇ 'ਤੇ ਚਾਨਣਾ ਪਾਇਆ ਅਤੇ ਸਿਖਿਆਰਥੀਆਂ ਨੂੰ ਆਪਣੀ ਆਮਦਨ ਅਤੇ ਰੁਜ਼ਗਾਰ ਵਧਾਉਣ ਲਈ ਡੇਅਰੀ ਫਾਰਮਿੰਗ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਿਖਿਆਰਥੀਆਂ ਨੂੰ ਦੁੱਧ ਦੀ ਪ੍ਰੋਸੈਸਿੰਗ ਅਤੇ ਮੁੱਲ ਵਾਧੇ ਦੇ ਮੌਕਿਆਂ ਦੀ ਪੜਚੋਲ ਕਰਨ ਲਈ ਵੀ ਕਿਹਾ ਤਾਂ ਜੋ ਇਸ ਧੰਦੇ ਤੋਂ ਵਧੇਰੇ ਮੁਨਾਫਾ ਕਮਾਇਆ ਜਾ ਸਕੇ।
ਸਿਖਲਾਈ ਕੋਰਸ ਦੌਰਾਨ ਡਾ.ਅਜੈ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਵੱਲੋਂ ਡੇਅਰੀ ਫਾਰਮਿੰਗ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਜਿਸ ਵਿਚ ਗਾਵਾਂ/ਮੱਝਾਂ ਦੀਆਂ ਸੁਧਰੀਆਂ ਨਸਲਾਂ, ਦੁਧਾਰੂ ਪਸ਼ੂਆਂ ਦੀ ਸਾਂਭ-ਸੰਭਾਲ, ਛੋਟੇ ਕਟੜੂਆਂ/ਵੱਛੜੂਆਂ ਦੀ ਦੇਖ-ਭਾਲ, ਡੇਅਰੀ ਸ਼ੈੱਡਾਂ ਦੀ ਉਸਾਰੀ, ਸਾਫ ਅਤੇ ਮਿਆਰੀ ਦੁੱਧ ਪੈਦਾ ਕਰਨਾ ਅਤੇ ਪਸ਼ੂਆਂ ਲਈ ਸੰਤੁਲਿਤ ਵੰਡ ਤਿਆਰ ਕਰਨਾ ਆਦਿ ਸ਼ਾਮਿਲ ਸੀ। ਡਾ. ਵਿਤਸਤਾ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਦੁੱਧ ਦੀ ਪ੍ਰੋਸੈਸਿੰਗ ਅਤੇ ਦੁੱਧ ਦੇ ਮੁੱਲ ਵਾਧੇ ਬਾਰੇ ਗੱਲਬਾਤ ਕੀਤੀ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੇ ਲਾਭ ਸਾਂਝੇ ਕੀਤੇ। ਸ਼੍ਰੀ ਗੁਰਮੀਤ ਸਿੰਘ, ਡੇਅਰੀ ਵਿਕਾਸ ਇੰਸਪੈਕਟਰ, ਸੰਗਰੂਰ ਨੇ ਡੇਅਰੀ ਵਿਕਾਸ ਬੋਰਡ ਦੀਆਂ ਡੇਅਰੀ ਫਾਰਮਿੰਗ ਨਾਲ ਸਬੰਧਤ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਡਾ. ਮੁਕੇਸ਼ ਗੁਪਤਾ, ਵੈਟਰਨਰੀ ਅਫ਼ਸਰ, ਸੰਗਰੂਰ ਨੇ ਪਸ਼ੂਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਅਤੇ ਇਹਨਾਂ ਦੀ ਰੋਕਥਾਮ ਅਤੇ ਪਸ਼ੂਆਂ ਲਈ ਟੀਕਾਕਰਨ ਤਰਤੀਬ ਬਾਰੇ ਜਾਣਕਾਰੀ ਦਿੱਤੀ।
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਤੋਂ ਡਾ. ਸੁਰੇਂਦਰ ਸਿੰਘ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਸਾਲ ਭਰ ਚਾਰੇ ਦੇ ਉਤਪਾਦਨ ਅਤੇ ਗੁਣਵੱਤਾ ਭਰਪੂਰ ਸਾਈਲੇਜ ਬਣਾਉਣ ਬਾਰੇ ਵਿਸਥਾਰ ਨਾਲ ਦੱਸਿਆ। ਸਿਖਿਆਰਥੀਆਂ ਦਾ ਪਿੰਡ ਗੱਗੜਪੁਰ ਵਿਖੇ ਦੌਰਾ ਕਰਵਾਇਆ ਗਿਆ। ਜਿੱਥੇ ਉਨ੍ਹਾਂ ਨੂੰ ਵਿਗਿਆਨਕ ਡੇਅਰੀ ਸ਼ੈੱਡ ਦੇ ਨਿਰਮਾਣ ਅਤੇ ਪਸ਼ੂਆਂ ਦੀ ਸੁਚੱਜੀ ਦੇਖਭਾਲ ਬਾਰੇ ਜਾਗਰੂਕ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ