
ਪਟਿਆਲਾ, 18 ਦਸੰਬਰ (ਹਿੰ. ਸ.)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰ ਸਰਕਾਰ ਵੱਲੋਂ ਆਪਣੀ ‘ਏਕ ਭਾਰਤ ਏਕ ਰਾਸਟਰ' ਦੀ ਨੀਤੀ ਅਤੇ ਨਿਸ਼ਾਨੇ ਅਨੁਸਾਰ ਭਾਰਤ ਅੰਦਰ ਪਹਿਲਾਂ ਰਾਸਟਰੀ ਸਿੱਖਿਆ ਨੀਤੀ 2020 ਲਿਆਂਦੀ ਗਈ ਸੀ ਤੇ ਹੁਣ ਰਾਸਟਰੀ ਉਚੇਰੀ ਸਿੱਖਿਆ ਨੀਤੀ ਲਿਆਉਣ ਲਈ ਲੋਕ ਸਭਾ ਵਿਚ ਬਿੱਲ ਲਿਆਂਦਾ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਦੇਸ ਦੇ ਪ੍ਰਧਾਨ ਮੰਤਰੀ ਨੂੰ ਭਾਰਤ ਦੀਆਂ ਘੱਟ-ਗਿਣਤੀਆਂ ਖਾਸ ਸਿੱਖ ਘੱਟ ਗਿਣਤੀ ਦੀ ਭਾਸ਼ਾ ਪੰਜਾਬ, ਇਤਿਹਾਸ, ਸਭਿਆਚਾਰ ਅਤੇ ਸਿਧਾਂਤ ਦੀ ਪੂਰਨ ਤੌਰ ਉੱਤੇ ਰੱਖਿਆ-ਸੁਰੱਖਿਆ ਕਰਨ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਤਥਾ ਪੰਜਾਬੀਆਂ ਨੇ ਦੇਸ ਦੀ ਜੰਗ-ਏ-ਅਜ਼ਾਦੀ ਵਿਚ ਦੇਸ ਦੀਆਂ ਸਰਹੱਦਾਂ ਦੀ ਰੱਖਿਆ ਲਈ ਅਤੇ ਦੇਸ ਨੂੰ ਅੰਨ੍ਹ ਭੰਡਾਰ ਬਣਾਉਣ ਵਿਚ ਬਾਕਮਾਲ ਹਿੱਸਾ ਪਾਇਆ ਹੈ ਤੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਵੱਲੋਂ ਹੀ ਦਿੱਤੀਆਂ ਗਈਆਂ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ