
ਫਾਜਿ਼ਲਕਾ, 18 ਦਸੰਬਰ (ਹਿੰ. ਸ.)। ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ ਨੇ ਦੱਸਆ ਕਿ ਜ਼ਿਲੇ ਦੀਆਂ ਸਮੂਹ ਸਿਹਤ ਸੰਸਥਾਵਾਂ ਜ਼ਿਲ੍ਹਾ ਹਸਪਤਾਲ, ਸਬ ਡਵੀਜ਼ਨਲ ਹਸਪਤਾਲ, ਸੀਐਚਸੀ, ਪੀਐਚਸੀ ਅਤੇ ਆਮ ਆਦਮੀ ਕਲੀਨਿਕਾਂ ਵਿਖੇ ਰੇਬੀਜ਼/ਹਲਕਾਅ ਦਾ ਟੀਕਾਕਰਨ ਕੀਤਾ ਜਾਂਦਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਰੇਬੀਜ਼ ਇੱਕ ਗੰਭੀਰ ਅਤੇ ਜਾਨਲੇਵਾ ਬਿਮਾਰੀ ਹੈ ਜੋ ਰੇਬੀਜ਼ ਦੇ ਕਈ ਵਾਇਰਸਜ਼ ਵਿਚੋਂ ਕਿਸੇ ਇੱਕ ਨਾਲ ਹੋ ਸਕਦੀ ਹੈ। ਇਹ ਵਾਇਰਸ ਮਨੁੱਖ ਦੇ ਦਿਮਾਗ਼ ਅਤੇ ਨਾੜੀ ਪ੍ਰਬੰਧ ਨੂੰ ਪ੍ਰਭਾਵਿਤ ਕਰਦਾ ਹੈ। ਪ੍ਰੰਤੂ ਇਹ ਇਕ ਇਲਾਜਯੋਗ ਬਿਮਾਰੀ ਹੈ ਅਤੇ ਵੈਕਸੀਨੇਸ਼ਨ ਦੇ ਪੂਰੇ ਕੋਰਸ ਨਾਲ ਇਸ ਤੇ ਕਾਬੂ ਪਾਇਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਜਿਲੇ ਦੀਆਂ ਸਿਹਤ ਸੰਸਥਾਵਾਂ ਵਿਖੇ ਜੁਲਾਈ ਮਹੀਨੇ ਵਿੱਚ 1377, ਅਗਸਤ ਮਹੀਨੇ ਵਿੱਚ 2093, ਸਤੰਬਰ ਮਹੀਨੇ ਵਿੱਚ 914, ਅਕਤੂਬਰ ਮਹੀਨੇ ਵਿੱਚ 973 ਅਤੇ ਨਵੰਬਰ ਮਹੀਨੇ ਵਿੱਚ 883 ਲੋਕਾਂ ਨੂੰ ਹਲਕਾਅ ਤੋਂ ਬਚਾਅ ਲਈ ਐਂਟੀ ਰੇਬੀਜ਼ ਇੰਜੈਕਸ਼ਨ ਲਗਾਏ ਗਏ ਹਨ।
ਇਸ ਸਮੇਂ ਜਿਲਾ ਟੀਕਾਕਰਨ ਅਫਸਰ ਡਾ ਰਿੰਕੂ ਚਾਵਲਾ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਹਜ਼ਾਰਾਂ ਲੋਕਾਂ ਦੀ ਮੌਤਾਂ ਹਲਕਾਅ ਦੀ ਬਿਮਾਰੀ ਨਾਲ ਹੋ ਜਾਂਦੀ ਹੈ। ਜੇਕਰ ਇਸ ਬਿਮਾਰੀ ਪ੍ਰਤੀ ਜਾਗਰੂਕ ਹੋਈਏ ਤਾਂ ਇਹ ਮੌਤਾਂ ਹੋਣ ਤੋਂ ਬਚਾਇਆ ਜਾ ਸਕਦਾ ਹੈ। ਹਲਕਾਅ (ਰੇਬੀਜ਼) ਹਲਕੇ ਕੁੱਤੇ, ਖ਼ਰਗੋਸ਼, ਬਿੱਲੀ, ਨਿਓਲਾ, ਬਾਂਦਰ, ਗਿੱਦੜ ਤੇ ਹੋਰ ਜਾਨਵਰਾਂ ਦੇ ਕੱਟਣ ਨਾਲ ਮਨੁੱਖ ਨੂੰ ਹੋ ਸਕਦੀ ਹੈ। ਟੀਕਾਕਰਨ ਦੀ ਡੋਜ਼ ਬਾਰੇ ਦੱਸਦੇ ਹੋਏ ਡਾ. ਸੁਨੀਤਾ ਕੰਬੋਜ ਨੇ ਕਿਹਾ ਕਿ ਜਾਨਵਰ ਦੇ ਕੱਟਣ ਦੇ ਪਹਿਲੇ, ਤੀਜੇ, ਸਤਵੇਂ ਅਤੇ 28ਵੇਂ ਦਿਨ 0.1 ਮਿ.ਲੀ ਦੀ ਡੋਜ਼ ਦੋਵੇਂ ਮੋਢਿਆਂ ਤੇ ਲਗਾਈ ਜਾਂਦੀ ਹੈ ਜੋ ਕਿ ਬਹੁਤ ਜਰੂਰੀ ਹੈ। ਜੇਕਰ ਜ਼ਖਮ ਡੂੰਗਾ ਹੋਵੇ ਜਾਂ ਸਿਰ ਦੇ ਨੇੜੇ ਹੋਵੇ ਤਾਂ ਇਸ ਨੂੰ ਤੀਜੀ ਕੈਟਾਗਰੀ ਦਾ ਮੰਨਦੇ ਹੋਏ ਵਿਅਕਤੀ ਦੇ ਭਾਰ ਦੇ ਮੁਤਾਬਕ ਸੀਰਮ ਦੀ ਡੋਜ਼ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਪਹਿਲੀ ਡੋਜ਼ ਦੇ ਨਾਲ ਟੇਟਨਸ ਦਾ ਇੰਜੈਕਸ਼ਨ ਲਗਾਇਆ ਜਾਂਦਾ ਹੈ। ਜਾਨਵਰ ਦੇ ਚੱਟਣ, ਝਰੀਟਾਂ ਮਾਰਨ ਅਤੇ ਦੰਦ ਮਾਰਨ ਨਾਲ ਹੋਏ ਜ਼ਖਮ ਨੂੰ ਸਾਬਣ ਖਾਸਤੌਰ ਤੇ ਕਪੜੇ ਧੋਣ ਵਾਲੇ ਦੇਸੀ ਸਾਬਣ ਨਾਲ ਵੱਗਦੇ ਪਾਣੀ ਵਿੱਚ 15 ਮਿੰਟਾਂ ਲਈ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਇਨਫ਼ੈਕਸ਼ਨ ਦੀ ਸੰਭਾਵਨਾ ਕਾਫ਼ੀ ਘੱਟ ਜਾਂਦੀ ਹੈ।
ਡਾ. ਸੁਨੀਤਾ ਕੰਬੋਜ ਨੇ ਦੱਸਿਆ ਕਿ ਹਲਕਾਅ ਦੇ ਇਲਾਜ ਬਾਰੇ ਲੋਕਾਂ ਵਿੱਚ ਕੁਝ ਗ਼ਲਤ ਧਾਰਨਾਵਾਂ ਵੀ ਹਨ। ਕਈ ਵਾਰ ਲੋਕ ਘਰੇਲੂ ਇਲਾਜ ਕਰਨਾ ਸ਼ੁਰੂ ਕਰ ਲੈਂਦੇ ਹਨ, ਜਿਸ ਨਾਲ ਇਨਫੈਕਸ਼ਨ ਦੇ ਵੱਧਣ ਦਾ ਖ਼ਤਰਾ ਹੋ ਸਕਦਾ ਹੈ। ਇਸ ਦੇ ਨਾਲ ਹੀ ਜ਼ਖਮ ਤੇ ਮਿਰਚਾਂ, ਸੂਰਮਾ ਨਾ ਲਗਾਇਆ ਜਾਵੇ। ਇਸ ਤੋਂ ਇਲਾਵਾ ਖਾਣ-ਪਾਣ ਤੇ ਕੋਈ ਪਰਹੇਜ਼ ਨਹੀਂ ਹੁੰਦਾ, ਵਿਅਕਤੀ ਕਿਸੇ ਵੀ ਤਰਾਂ ਦੀ ਪੋਸ਼ਟਿਕ ਖੁਰਾਕ ਲੈ ਸਕਦਾ ਹੈ। ਇਥੋਂ ਤੱਕ ਕਿ ਗਰਭਵਤੀ ਔਰਤ ਜਾਂ ਦੁੱਧ ਪਿਆਉਣ ਵਾਲੀ ਮਾਵਾਂ ਨੂੰ ਵੀ ਲੋੜ ਪੈਣ ਤੇ ਐਂਟੀ ਰੇਬੀਜ਼ ਵੈਕਸੀਨ ਲਗਾਈ ਜਾ ਸਕਦੀ ਹੈ। ਡਾਕਟਰ ਸੁਨੀਤਾ ਕੰਬੋਜ਼ ਨੇ ਦੱਸਿਆ ਕਿ ਜਾਨਵਰਾਂ ਦੇ ਵੱਢੇ/ਕੱਟੇ/ਝਰੀਟਾਂ/ਜਖਮਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਜਖਮਾਂ ਤੇ ਮਿਰਚਾਂ, ਸਰੋਂ ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਨਾ ਲਗਾਓ, ਜਖ਼ਮ ਨੂੰ ਟਾਂਕੇ ਨਾ ਲਗਾਓ ਅਤੇ ਨਾ ਹੀ ਪੱਟੀ ਬੰਨੋ। ਆਪਣੇ ਬੱਚਿਆਂ ਨੂੰ ਆਵਾਰਾ ਕੁੱਤਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੋ ਅਤੇ ਅੰਧ ਵਿਸ਼ਵਾਸ਼ਾਂ ਤੋਂ ਬਚੋ।
ਡਿਪਟੀ ਮਾਸ ਮੀਡਿਆ ਅਫਸਰ ਮਨਬੀਰ ਸਿੰਘ ਅਤੇ ਬੀ.ਈ.ਈ ਦਿਵੇਸ਼ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਾਲਤੂ ਜਾਨਵਰਾਂ ਦੀ ਵੈਕਸੀਨੇਸ਼ਨ ਨੂੰ ਯਕੀਨੀ ਬਣਾਉਣ। ਇਸ ਦੇ ਨਾਲ ਹੀ ਜੇਕਰ ਕੋਈ ਵੀ ਵਿਅਕਤੀ ਆਵਾਰਾ ਜਾਂ ਬੇਸਹਾਰਾ ਜਾਨਵਰਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਐਂਟੀ ਰੇਬੀਜ਼ ਵੈਕਸੀਨ ਲਗਵਾਉਣ ਸੰਬੰਧੀ ਕਿਸੇ ਵੀ ਤਰਾਂ ਦੀ ਅਣਗਹਿਲੀ ਨਾ ਕੀਤੀ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ