ਬੀ. ਬੀ. ਐਮ. ਬੀ. ਸਕੂਲ ਸਬੰਧੀ ਫੈਲਾਏ ਜਾ ਰਹੇ ਭਰਮ ਸਬੰਧੀ ਮੁੱਖ ਇੰਜਨੀਅਰ ਨੇ ਸਥਿਤੀ ਕੀਤੀ ਸਪੱਸ਼ਟ
ਕਿਹਾ : ਅਧਿਆਪਕਾਂ ਤੇ ਵਿਦਿਆਰਥੀਆਂ ਦੇ ਹਿੱਤ ਸੁਰੱਖਿਅਤ
ਬੀ. ਬੀ. ਐਮ. ਬੀ. ਸਕੂਲ ਸਬੰਧੀ ਫੈਲਾਏ ਜਾ ਰਹੇ ਭਰਮ ਸਬੰਧੀ ਮੁੱਖ ਇੰਜਨੀਅਰ ਨੇ ਸਥਿਤੀ ਕੀਤੀ ਸਪੱਸ਼ਟ


ਤਲਵਾੜਾ, 19 ਦਸੰਬਰ (ਹਿੰ. ਸ.)। ਭਾਖੜਾ ਬਿਆਸ ਪ੍ਰਬੰਧ ਬੋਰਡ ਤਲਵਾੜਾ ਦੇ ਮੁੱਖ ਇੰਜੀਨਿਅਰ ਰਾਕੇਸ਼ ਗੁਪਤਾ ਨੇ ਬੀਬੀਐਮਬੀ ਦੇ ਸਕੂਲ ਸਬੰਧੀ ਸਮਾਜ ਵਿਚ ਫੈਲਾਏ ਜਾ ਰਹੇ ਭਰਮ ਸਬੰਧੀ ਸਥਿਤੀ ਸਪੱਸ਼ਟ ਕਰਦਿਆਂ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਸਕੂਲ ਦੇ ਪ੍ਰਬੰਧਨ ਵਿਚ ਤਬਦੀਲੀ ਨਾਲ ਅਧਿਆਪਕਾਂ ਜਾਂ ਵਿਦਿਆਰਥੀਆਂ ਦੇ ਹਿੱਤ ਪ੍ਰਭਾਵਿਤ ਨਹੀਂ ਹੋਣਗੇ। ਉਨ੍ਹਾਂ ਨੇ ਕਿਹਾ ਕਿ ਬੋਰਡ ਦੇ ਨਿਰਦੇਸ਼ਾਂ ਅਨੁਸਾਰ ਹੀ ਦੇਸ਼ ਦੇ ਕਾਨੂੰਨ ਅਨੁਸਾਰ ਸਥਾਪਿਤ ਪਾਰਦਰਸ਼ੀ ਵਿਧੀ ਨਾਲ ਸਕੂਲ ਨੂੰ ਚਲਾਉਣ ਲਈ ਸੰਸਥਾ ਦੀ ਚੋਣ ਕੀਤੀ ਜਾ ਰਹੀ ਹੈ।

ਮੁੱਖ ਇੰਜਨੀਅਰ ਨੇ ਦੱਸਿਆ ਕਿ ਬੀਬੀਐਮਬੀ ਇਕ ਬੋਰਡ ਹੈ ਜਿਸ ਵਿਚ ਪੰਜਾਬ, ਹਰਿਆਣਾ, ਰਾਜਸਥਾਨ ਆਦਿ ਸੂਬੇ ਹਿੱਸੇਦਾਰ ਹਨ ਅਤੇ ਇਸ ਵਿਚ ਫੈਸਲੇ ਮੈਂਬਰ ਰਾਜਾਂ ਦੀ ਸਹਿਮਤੀ ਨਾਲ ਬੋਰਡ ਦੇ ਪੱਧਰ ਤੇ ਲਏ ਜਾਂਦੇ ਹਨ। ਸਕੂਲ ਨੂੰ ਬੀਬੀਐਮਬੀ ਵੱਲੋਂ ਡੀਏਵੀ ਸੰਸਥਾ ਦੇ ਮਾਰਫ਼ਤ ਚਲਾਇਆ ਜਾ ਰਿਹਾ ਸੀ ਜਿਸ ਤੇ ਬੋਰਡ ਦਾ ਸਲਾਨਾ 5 ਕਰੋੜ ਰੁਪਏ ਤੋਂ ਜਿਆਦਾ ਦਾ ਖਰਚ ਹੋ ਰਿਹਾ ਸੀ ਅਤੇ ਇਹ ਖਰਚ ਲਗਾਤਾਰ ਵੱਧ ਰਿਹਾ ਸੀ। ਜਿਸ ਕਾਰਨ ਮੈਂਬਰ ਰਾਜਾਂ ਦੇ ਫੈਸਲੇ ਅਨੁਸਾਰ ਸਕੂਲ ਨੂੰ ਬੀਬੀਐਮਬੀ ਤੇ ਬਿਨ੍ਹਾਂ ਕੋਈ ਵਾਧੂ ਵਿੱਤੀ ਬੋਝ ਪਾਏ ਤੋਂ ਚਲਾਉਣ ਲਈ ਪਾਰਦਰਸ਼ੀ ਤਰੀਕੇ ਨਾਲ ਦਿਲਚਸਪੀਆਂ ਦੇ ਪ੍ਰਗਟਾਵੇ ਸਬੰਧੀ ਅਖ਼ਬਾਰ ਵਿਚ ਟੈਂਡਰ ਦਿੱਤਾ ਗਿਆ ਸੀ ਜਿਸ ਵਿਚ ਕੋਈ ਵੀ ਸੰਸਥਾ ਭਾਗ ਲੈ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਤੌਰ ਤੇ ਖੁੱਲਾ ਟੈਂਡਰ ਹੀ ਇਕ ਪਾਰਦਰਸ਼ੀ ਵਿਧੀ ਹੈ।

ਫਿਰ ਵੀ ਇਸ ਸਬੰਧੀ ਵਿਰੋਧ ਕਰ ਰਹੇ ਲੋਕਾਂ ਤੋਂ ਆਈ ਮੰਗ ਦੇ ਮੱਦੇਨਜਰ ਬੀਬੀਐਮਬੀ ਵੱਲੋਂ ਲੋਕਾਂ ਦੀ ਮੰਗ ਅਨੁਸਾਰ ਸ਼ਰਤਾਂ ਨੂੰ ਸੰਸੋਧਿਤ ਕੀਤਾ ਗਿਆ ਅਤੇ ਇਹ ਸ਼ਰਤ ਵੀ ਜੋੜੀ ਗਈ ਕਿ ਪਹਿਲਾਂ ਤੋਂ ਕੰਮ ਕਰਦੇ ਅਧਿਆਪਕਾਂ ਦੀ ਤਨਖਾਰ ਅਤੇ ਸੇਵਾ ਸੁਰੱਖਿਅਤ ਰਹੇ ਅਤੇ ਬੀਬੀਐਮਬੀ ਦੀ ਪੂਰਵ ਪ੍ਰਵਾਨਗੀ ਤੋਂ ਬਿਨ੍ਹਾਂ ਨਵੀਂ ਮੈਨੇਜਮੈਂਟ ਇੰਨਾਂ ਅਧਿਆਪਕਾਂ ਨੂੰ ਨੌਕਰੀ ਤੋਂ ਨਹੀਂ ਹਟਾ ਸਕੇਗੀ। ਉਨ੍ਹਾਂ ਦੀ ਗ੍ਰੇਚੁਅਟੀ ਆਦਿ ਸਬੰਧੀ ਵੀ ਸ਼ਰਤਾਂ ਜੋੜੀਆਂ ਗਈਆਂ। ਇਹ ਵੀ ਸ਼ਰਤ ਜੋੜੀ ਗਈ ਕਿ ਨਵੀਂ ਸੰਸਥਾ ਫੀਸ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਸਰਕੁਲਰ ਦੀਆਂ ਹਦਾਇਤਾਂ ਤੋਂ ਵੱਧ ਨਹੀਂ ਵਧਾ ਸਕੇਗੀ।

ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਲੋਕ ਹਿੱਤ ਦੇ ਹਰ ਪੱਖ ਦਾ ਖਿਆਲ ਕੀਤਾ ਗਿਆ ਹੈ ਅਤੇ ਅੰਦੋਲਨ ਕਰ ਰਹੇ ਲੋਕਾਂ ਦੀਆਂ ਜਿਆਦਾਤਰ ਮੰਗਾਂ ਪਹਿਲਾਂ ਹੀ ਮੰਨ ਲਈਆਂ ਗਈਆਂ ਹਨ। ਉਨ੍ਹਾਂ ਨੇ ਇਸ ਸਬੰਧੀ ਤਲਵਾੜੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਭਰਮ ਦਾ ਸ਼ਿਕਾਰ ਨਾ ਹੋਣ ਅਤੇ ਇਸ ਤਰਾਂ ਸਕੂਲ ਦਾ ਮਹੌਲ ਖਰਾਬ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਫਿਰ ਵੀ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਕਾਨੂੰਨੀ ਤਰੀਕੇ ਨਾਲ ਮੈਂਬਰ ਰਾਜਾਂ ਤੱਕ ਵੀ ਪਹੁੰਚ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਕੋਈ ਵੀ ਨਿਰਣਾ ਚੀਫ ਇੰਜਨੀਅਰ ਦੇ ਪੱਧਰ ਤੇ ਨਹੀਂ ਲਿਆ ਜਾਣਾ ਹੈ ਅਤੇ ਸਾਰੇ ਨਿਰਣੇ ਬੋਰਡ ਪੱਧਰ ਤੇ ਮੈਂਬਰ ਰਾਜਾਂ ਦੀ ਸਹਿਮਤੀ ਨਾਲ ਹੋਣਗੇ। ਇਸ ਲਈ ਜੋ ਦਿਲਚਸਪੀਆਂ ਦੇ ਪ੍ਰਗਟਾਵੇ ਤਹਿਤ ਬਿੱਡ ਆਵੇਗੀ ਉਹ ਵੀ ਬੋਰਡ ਦੇ ਸਨਮੁੱਖ ਰੱਖੀ ਜਾਵੇਗੀ ਅਤੇ ਉਥੇ ਹੀ ਸਾਰੇ ਨਿਰਣੇ ਹੋਣਗੇ। ਉਨ੍ਹਾਂ ਨੇ ਸਭ ਧਿਰਾਂ ਨੂੰ ਸਾਂਤੀ ਬਣਾਈ ਰੱਖਣ ਅਤੇ ਕਾਨੂੰਨ ਦਾ ਸਨਮਾਨ ਕਰਨ ਦੀ ਅਪੀਲ ਕਰਦਿਆਂ ਯਕੀਨ ਦਿਵਾਇਆ ਕਿ ਇਹ ਸਾਰੀ ਪ੍ਰਕ੍ਰਿਆ ਪਾਰਦਰਸ਼ੀ ਅਤੇ ਕਾਨੂੰਨ ਅਨੁਸਾਰ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande