
ਲੁਧਿਆਣਾ, 19 ਦਸੰਬਰ (ਹਿੰ. ਸ.)। ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੀ ਮਿਹਨਤ ਅਤੇ ਅਣਥੱਕ ਯਤਨਾਂ ਸਦਕਾ ਕੈਲਾਸ਼ ਨਗਰ ਨੇੜੇ ਲੱਗਦੇ ਹਾਈਵੇਅ 'ਤੇ ਅੰਡਰ ਪਾਸ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਇੱਕ ਵਫਦ ਕੁੱਝ ਸਮਾਂ ਪਹਿਲਾਂ ਦਿੱਲੀ ਵਿਖੇ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੂੰ ਮਿਲਿਆ ਸੀ, ਇਸ ਮੌਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ ਅਤੇ ਉਨ੍ਹਾਂ ਆਪਣੇ ਹਲਕੇ ਦੇ ਨਾਲ ਲੱਗਦੇ ਹਾਈਵੇਅ ਸਬੰਧੀ ਆ ਰਹੀਆਂ ਮੁਸ਼ਕਲਾਂ ਤੋ ਜਾਣੂ ਕਰਵਾਉਂਦਿਆਂ ਅੰਡਰ ਪਾਸ ਬਣਾਉਣ ਸਬੰਧੀ ਮੰਗ ਪੱਤਰ ਸੌਂਪਿਆ ਸੀ।
ਇਸ ਮੰਗ ਪੱਤਰ ਦੌਰਾਨ ਸੰਜੀਵ ਅਰੋੜਾ ਅਤੇ ਵਿਧਾਇਕ ਗਰੇਵਾਲ ਨੇ ਟਰੈਫਿਕ ਸਮੱਸਿਆ ਸਬੰਧੀ ਕੇਂਦਰੀ ਮੰਤਰੀ ਗਡਕਰੀ ਦਾ ਧਿਆਨ ਦੁਆਇਆ ਅਤੇ ਮੰਗ ਕੀਤੀ ਕੀ ਹਲਕਾ ਪੂਰਬੀ ਦੇ ਨਾਲੋਂ ਲੰਘ ਰਹੇ ਹਾਈਵੇਅ ਨੂੰ ਪਾਰ ਕਰਨ ਲਈ ਕੈਲਾਸ਼ ਨਗਰ ਅਤੇ ਹੋਰ ਥਾਵਾਂ ਤੇ ਅੰਡਰ ਪਾਸ ਬਣਾਉਣ ਦੀ ਮੰਗ ਵੀ ਰੱਖੀ ਗਈ ਜਿਸ 'ਤੇ ਫੌਰੀ ਤੌਰ 'ਤੇ ਐਕਸ਼ਨ ਲੈਂਦੇ ਹੋਏ ਕੇਂਦਰੀ ਮੰਤਰੀ ਗਡਕਰੀ ਵੱਲੋਂ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੀ ਟੀਮ ਨੂੰ ਮੁਆਇਨਾ ਕਰਨ ਲਈ ਲੁਧਿਆਣਾ ਭੇਜਿਆ, ਜਿਨ੍ਹਾਂ ਆਪਣੀ ਰਿਪੋਰਟ ਤਿਆਰ ਕਰਕੇ ਕੇਂਦਰੀ ਮੰਤਰੀ ਨੂੰ ਸੌਂਪੀl ਕੇਂਦਰੀ ਮੰਤਰੀ ਵੱਲੋਂ ਕੈਲਾਸ਼ ਨਗਰ ਅੰਡਰ ਪਾਸ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਗਈ, ਜਿਸ ਦੇ ਕੰਮ ਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਜਲਦ ਇਸ ਕੰਮ ਨੂੰ ਮੁਕੰਮਲ ਕਰ ਕਰ ਲਿਆ ਜਾਵੇਗਾ।
ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਪੂਰਬੀ ਦੇ ਨਾਲ ਲੱਗਦੇ ਹਾਈਵੇਜ਼ 'ਤੇ ਅੰਡਰ ਪਾਸ ਬਣਨ ਨਾਲ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਇਸ ਦੇ ਤਿਆਰ ਹੋਣ ਨਾਲ ਵਾਪਰ ਰਹੀਆਂ ਘਟਨਾਵਾਂ ਤੋਂ ਛੁਟਕਾਰਾ ਮਿਲੇਗਾ। ਉਹਨਾਂ ਦੱਸਿਆ ਕਿ ਕੈਲਾਸ਼ ਨਗਰ ਅੰਡਰ ਪਾਸ 'ਤੇ ਕੰਮ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਇਹ ਹਲਕਾ ਵਾਸੀਆਂ ਲਈ ਬਹੁਤ ਵੱਡੀ ਰਾਹਤ ਹੈ। ਵਿਧਾਇਕ ਗਰੇਵਾਲ ਨੇ ਹਲਕਾ ਪੂਰਬੀ ਦੇ ਵਸਨੀਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਅੰਡਰ ਪਾਸ ਦੇ ਬਣਨ ਨਾਲ ਟਰੈਫਿਕ ਸਬੰਧੀ ਆ ਰਹੀ ਹਰ ਤਰ੍ਹਾਂ ਦੀ ਮੁਸ਼ਕਿਲ ਦਾ ਹੱਲ ਹੋਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ