
ਪਟਿਆਲਾ, 24 ਦਸੰਬਰ (ਹਿੰ. ਸ.)। ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਜ਼ਿਲ੍ਹੇ ਅੰਦਰ ਸਾਰੇ ਲਾਭਪਾਤਰੀ ਪਰਿਵਾਰਾਂ ਦੇ ਬਣਾਏ ਜਾਣ ਵਾਲੇ ਮੁੱਖ ਮੰਤਰੀ ਸਿਹਤ ਕਾਰਡਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਇਸ ਯੋਜਨਾ ਤਹਿਤ ਜ਼ਿਲ੍ਹੇ ਦੇ ਵਸਨੀਕ ਸਾਰੇ ਪਰਿਵਾਰਾਂ ਨੂੰ ਸਾਰੇ ਸਰਕਾਰੀ ਤੇ ਸੂਚੀਬੱਧ ਨਿਜੀ ਹਸਪਤਾਲਾਂ ਵਿਖੇ 10 ਲੱਖ ਰੁਪਏ ਤੱਕ ਦਾ ਨਗਦ ਰਹਿਤ ਇਲਾਜ (ਕੈਸ਼ਲੈੱਸ ਟਰੀਟਮੈਂਟ) ਦੀ ਸਹੂਲਤ ਮਿਲੇਗੀ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ 8 ਜਨਵਰੀ ਤੋਂ ਜ਼ਿਲ੍ਹੇ ਅੰਦਰ ਸਾਰੇ 940 ਕਾਮਨ ਸਰਵਿਸ ਸੈਂਟਰਾਂ (ਸੀ.ਐਸ.ਸੀਜ) ਵਿਖੇ ਹਰ ਪਰਿਵਾਰ ਦੇ ਹਰੇਕ ਮੈਂਬਰ ਦਾ ਇਹ ਕਾਰਡ ਮੁਫ਼ਤ ਬਣਾਇਆ ਜਾਵੇਗਾ ਅਤੇ ਇਸ ਦਾ ਕੋਈ ਪੈਸਾ ਨਹੀਂ ਦੇਣਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਲਈ ਭਾਵੇਂ ਕਿਸੇ ਵਸਨੀਕ ਦਾ ਪਹਿਲਾਂ ਆਯੂਸ਼ਮਾਨ ਕਾਰਡ ਬਣਿਆ ਵੀ ਹੋਵੇ ਤਾਂ ਵੀ ਉਨ੍ਹਾਂ ਨੂੰ ਆਪਣਾ ਕਾਰਡ ਦੁਬਾਰਾ ਬਣਵਾਉਣਾ ਪਵੇਗਾ ਅਤੇ ਕਾਰਡ ਬਣਵਾਉਣ ਲਈ ਆਪਣੇ ਨਾਲ ਆਧਾਰ ਕਾਰਡ ਅਤੇ ਵੋਟਰ ਕਾਰਡ ਲਿਜਾਣਾ ਲਾਜਮੀ ਹੈ।
ਡਿਪਟੀ ਕਮਿਸ਼ਨਰ ਨੇ ਸਮੂਹ ਐਸ.ਡੀ.ਐਮਜ ਨੂੰ ਕਿਹਾ ਕਿ ਇਹ ਨਵਾਂ ਸਿਹਤ ਕਾਰਡ ਲੋਕਾਂ ਨੂੰ ਬਿਨਾਂ ਕਿਸੇ ਰਸਮੀ ਕਾਰਵਾਈ ਦੇ ਮੁਫਤ ਜਾਰੀ ਕੀਤਾ ਜਾਵੇ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਮਿਆਰੀ ਇਲਾਜ ਮਿਲਣਾ ਹੈ, ਇਸ ਲਈ ਸਾਰੇ ਵਿਧਾਇਕ ਸਾਹਿਬਾਨ, ਕੌਂਸਲਰ, ਪੰਚ-ਸਰਪੰਚਾਂ, ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਦੇ ਨਵੇਂ ਚੁਣੇ ਮੈਂਬਰਾਂ ਸਮੇਤ ਸਾਰੇ ਚੁਣੇ ਨੁਮਾਇੰਦਿਆਂ ਨੂੰ ਨਾਲ ਲੈਕੇ ਇਹ ਕਾਰਡ ਬਣਵਾਏ ਜਾਣੇ ਯਕੀਨੀ ਬਣਾਏ ਜਾਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ