
ਫਾਜ਼ਿਲਕਾ 24 ਦਸੰਬਰ (ਹਿੰ. ਸ.)। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰਾਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਤੱਤਪਰ ਹੈ ਤੇ ਲਗਾਤਾਰ ਫੰਡ ਮੁਹੱਈਆ ਕਰਵਾ ਕੇ ਸ਼ਹਿਰ ਦੀ ਦਿਖ ਨੂੰ ਬਿਹਤਰ ਬਣਾਉਣ ਅਤੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਲੋਕਾਂ ਨੁੰ ਪੀਣ ਵਾਲੇ ਪਾਣੀ, ਸੀਵਰੇਜ ਵਿਵਸਥਾ ਤੇ ਆਵਾਜਾਈ ਨੂੰ ਲੈ ਕੇ ਕੋਈ ਦਿੱਕਤ ਨਾ ਆਵੇ ਇਸ ਲਈ ਵਿਕਾਸ ਪ੍ਰੋਜੈਕਟ ਉਲੀਕੇ ਜਾ ਰਹੇ ਹਨ। ਇਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਸ਼ਹਿਰ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ 12.52 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਵਿਧਾਇਕ ਫਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਤੇ ਯੋਜਨਾਵਾਂ ਦਾ ਲਾਹਾ ਦੇਣ ਲਈ ਕੋਈ ਕਸਰ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਹਰ ਹੀਲੇ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦਿਨ ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 12.52 ਕਰੋੜ ਦੀ ਜਾਰੀ ਰਾਸ਼ੀ ਵਿਚੋਂ 5.63 ਕਰੋੜ ਦੀ ਲਾਗਤ ਨਾਲ ਸ਼ਹਿਰ ਦੇ ਵਾਰਡਾਂ ਦੀਆਂ ਕੱਚੀਆਂ ਸੜਕਾਂ ਨੂੰ ਇੰਟਰਲਾਕ ਟਾਇਲਾਂ ਨਾਲ ਪੱਕਾ ਕੀਤਾ ਜਾਵੇਗਾ, 5.82 ਕਰੋੜ ਦੀ ਲਾਗਤ ਨਾਲ ਰਹਿੰਦੇ ਇਲਾਕਿਆਂ ਜਿਸ ਵਿਚ ਨਵੀਂ ਆਬਾਦੀ ਤੋਂ ਐਮ.ਆਰ. ਏਨਕਲੇਵ, ਧੋਬੀ ਘਾਟ, ਅਬੋਹਰ ਰੋਡ, ਫਾਜ਼ਿਲਕਾ –ਫਿਰੋਜਪੁਰ ਰੋਡ ਆਦਿ ਇਲਾਕਿਆਂ ਵਿਚ ਨਵਾਂ ਸੀਵਰੇਜ਼ ਪਾਇਆ ਜਾਵੇਗਾ ਅਤੇ 1.07 ਕਰੋੜ ਦੀ ਲਾਗਤ ਨਾਲ ਨਵੀਆਂ ਹੋਰ ਮੇਨ ਸੜਕਾਂ ਬਣਾਈਆਂ ਜਾਣਗੀਆਂ ਜਿਸ ਵਿਚ ਡੈਡ ਰੋੜ ਅਤੇ ਗਊਸ਼ਾਲਾ ਰੋੜ ਤੋਂ ਬੱਬਰ ਸਵੀਟ (ਮੰਡੀ ਦਾ ਗੇਟ) ਤੱਕ ਹੋਵੇਗੀ। ਉਨ੍ਹਾਂ ਕਿਹਾ ਕਿ ਮਾਰਚ 2026 ਤੱਕ ਕੰਮ ਮੁਕੰਮਲ ਕਰਕੇ ਵਸਨੀਕਾਂ ਨੂੰ ਇਹ ਵਿਕਾਸ ਪ੍ਰੋਜੇਕਟ ਸਮਰਪਿਤ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ 3.15 ਕਰੋੜ ਦੀ ਲਾਗਤ ਨਾਲ ਸ਼ਹਿਰ ਦੀਆਂ ਮੇਨ ਸੜਕਾਂ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਜੋ ਸੜਕਾਂ ਬਣਾਉਣ ਵਾਲੀਆਂ ਬਕਾਇਆ ਸਨ ਉਹ ਮੌਜੂਦਾ ਪੰਜਾਬ ਸਰਕਾਰ ਦੇ ਸਮੇਂ ਵਿਚ ਬਣਾਈਆਂ ਗਈਆਂ ਹਨ ਜਿਸ ਨਾਲ ਸਥਾਨਕ ਵਾਸੀ ਤੇ ਦੁਕਾਨਦਾਰ ਕਾਫੀ ਖੁਸ਼ ਦਿਖਾਈ ਦਿੱਤੇ ਸਨ। ਇਸ ਤੋਂ ਇਲਾਵਾ 7 ਕਰੋੜ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਦਾ ਕੰਮ ਅਤੇ 2 ਕਰੋੜ ਦੀ ਲਾਗਤ ਨਾਲ ਸੀਵਰੇਜ਼ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ, ਹਰੇਕ ਘਰ ਤੱਕ ਪੀਣ ਵਾਲਾ ਸਾਫ ਪਾਣੀ ਪਹੁੰਚਾਉਣ ਅਤੇ ਸੀਵਰੇਜ ਵਿਵਸਥਾ ਵਿਚ ਹੋਰ ਸੁਧਾਰ ਲਿਆਉਣ ਲਈ ਲਗਾਤਾਰ ਹੰਭਲੇ ਮਾਰੇ ਜਾ ਰਹੇ ਹਨ ਤਾਂ ਜੋ ਕੋਈ ਵੀ ਵਸਨੀਕ ਮੁਢਲੀਆਂ ਸਹੂਲਤਾਂ ਤੋਂ ਵਾਂਝਾ ਨਾ ਰਹੇ।
ਇਸ ਮੌਕੇ ਉਨ੍ਹਾਂ ਨਗਰ ਕੌਂਸਲ ਦਫਤਰ ਵਿਖੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ ਸ਼ਹਿਰ ਅੰਦਰ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ, ਜੇਕਰ ਕੋਈ ਦਫਤਰ ਕੰਮ ਲੈ ਕੇ ਆਉਂਦਾ ਹੈ ਤਾਂ ਉਸਦਾ ਪਹਿਲ ਦੇ ਆਧਾਰ *ਤੇ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਜੋ ਵਿਕਾਸ ਪ੍ਰੋਜੇਕਟ ਚੱਲ ਰਹੇ ਹਨ ਜਾਂ ਸ਼ੁਰੂ ਹੋਣ ਵਾਲੇ ਹਨ ਉਨ੍ਹਾਂ ਦੀ ਪੂਰੀ ਤਰ੍ਹਾਂ ਸਮੀਖਿਆ ਕੀਤੀ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ