
ਸੰਗਰੂਰ, 25 ਦਸੰਬਰ (ਹਿੰ. ਸ.)। ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਿਤੀ 08/03/2026 ਤੱਕ ਚਲਾਈ ਜਾਣ ਵਾਲੀ ਬਾਲ ਵਿਆਹ ਮੁਕਤ ਭਾਰਤ ਕੰਪੇਨ ਅਧੀਨ ਸਾਰੇ ਆਂਗਣਵਾੜੀ ਸੈਟਰਾਂ ਵਿੱਚ ਬਾਲ ਵਿਆਹ ਮੁਕਤ ਅਭਿਆਨ ਤਹਿਤ ਹਰ ਰੋਜ਼ ਜਾਗਰੂਕਤਾ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਰਤਿੰਦਰ ਪਾਲ ਕੌਰ ਧਾਰੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਾਜ ਵਿੱਚ ਬਾਲ ਵਿਆਹ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਇਸ ਗੰਭੀਰ ਸਮਾਜਿਕ ਬੁਰਾਈ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਇੱਕ ਵਿਸ਼ੇਸ਼ ਜਾਗਰੂਕਤਾ ਅਤੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।
ਇਹ ਮੁਹਿੰਮ ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪੁਲਿਸ ਵਿਭਾਗ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਦੇ ਸਾਂਝੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਬਾਲ ਵਿਆਹ ਇਕ ਸਮਾਜਿਕ ਬੁਰਾਈ ਅਤੇ ਕਾਨੂੰਨ ਦੀ ਉਲੰਘਣਾ ਹੈ।ਸਰਕਾਰ ਨੇ ਸਪਸ਼ਟ ਕੀਤਾ ਹੈ ਕਿ 18 ਸਾਲ ਤੋਂ ਘੱਟ ਉਮਰ ਦੀ ਕਿਸੇ ਵੀ ਲੜਕੀ ਅਤੇ 21 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਲੜਕੇ ਦਾ ਵਿਆਹ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ ਅਤੇ ਇਸ ਵਿਚ ਸ਼ਾਮਲ ਹੋਣ ਵਾਲੇ ਮਾਪਿਆਂ, ਰਿਸ਼ਤੇਦਾਰਾਂ, ਪੰਚਾਇਤ ਮੈਬਰਾਂ ਅਤੇ ਧਾਰਮਿਕ ਸ਼ਖ਼ਸੀਅਤਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਵੱਖ-ਵੱਖ ਪਿੰਡਾਂ ਵਿੱਚ ਜਾਗਰੂਕਤਾ ਕੈਂਪ, ਆਸ਼ਾ ਵਰਕਰਾਂ, ਆਂਗਣਵਾੜੀ ਕਰਮਚਾਰੀਆਂ ਅਤੇ ਸਕੂਲ ਪ੍ਰਬੰਧਕਾਂ ਦੀ ਸਹਾਇਤਾ ਨਾਲ ਬਾਲ ਵਿਆਹ ਦੇ ਨੁਕਸਾਨ ਬਾਰੇ ਜਾਗਰੂਕਤਾ ਪ੍ਰੋਗਰਾਮ ਜਾਰੀ ਹਨ।
ਹੈਲਪਲਾਈਨ 1098 ਅਤੇ ਬਾਲ ਵਿਆਹ ਬਾਰੇ ਸੂਚਨਾ ਦੇਣ ਲਈ ਨਾਗਰਿਕਾਂ ਨੂੰ ਜਾਗਰੂਕ ਅਤੇ ਪ੍ਰੇਰਿਤ ਕੀਤਾ ਜਾ ਰਿਹਾ ਜਾ ਰਿਹਾ ਹੈ। ਹਰ ਸੂਚਨਾ ਗੁਪਤ ਰੱਖੀ ਜਾਵੇਗੀ। ਜਾਗਰੂਕਤਾ ਪ੍ਰੋਗਰਾਮ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਬਾਲ ਵਿਆਹ ਨਾ ਸਿਰਫ ਬੱਚਿਆਂ ਦੇ ਭਵਿੱਖ ਦਾ ਨੁਕਸਾਨ ਕਰਦਾ ਹੈ, ਸਗੋਂ ਸਿਹਤ ਸਿੱਖਿਆ ਅਤੇ ਸਮਾਜਿਕ ਵਿਕਾਸ ਵਿੱਚ ਵੀ ਗੰਭੀਰ ਪ੍ਰਭਾਵ ਛੱਡਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ