
ਫ਼ਤਹਿਗੜ੍ਹ ਸਾਹਿਬ, 25 ਦਸੰਬਰ (ਹਿੰ. ਸ.)। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਗ਼ੈਰ-ਸਰਕਾਰੀ ਅਦਾਰਿਆਂ ਵੱਲੋਂ ਵਿਕਾਸ ਅਤੇ ਵੱਖ-ਵੱਖ ਗਤੀਵਿਧੀਆਂ ਨੂੰ ਦਰਸਾਉਂਦੀ, ਸ਼ਹੀਦੀ ਸਭਾ ਨੂੰ ਸਮਰਪਿਤ ਵਿਸ਼ਾਲ ਵਿਕਾਸ ਪ੍ਰਦਰਸ਼ਨੀ ਲਗਾਈ ਗਈ, ਜਿਸ ਦਾ ਮੰਤਵ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਕਰਨਾ ਹੈ।
ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨਾਲ ਵਿਕਾਸ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਮੌਕੇ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਇਸ ਪ੍ਰਦਰਸ਼ਨੀ ਰਾਹੀਂ ਲੋਕ ਪੱਖੀ ਸਰਕਾਰੀ ਸਕੀਮਾਂ ਦਾ ਲਾਭ ਹਰ ਇੱਕ ਨਾਗਰਿਕ ਤੱਕ ਪਹੁੰਚਉਣਾ ਹੀ ਇਸ ਪ੍ਰਦਰਸ਼ਨੀ ਦਾ ਪ੍ਰਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੋਂ ਇਸ ਕਰ ਕੇ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਸ਼੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਸ਼ਹੀਦੀ ਸਭਾ ਮੌਕੇ ਸੰਗਤਾਂ ਦਾ ਵੱਡਾ ਇਤਿਹਾਸਕ ਇਕੱਠ ਹੁੰਦਾ ਹੈ ਅਤੇ ਇਸ ਮੌਕੇ ਲਾਈ ਵਿਸ਼ਾਲ ਪ੍ਰਦਰਸ਼ਨੀ ਲੋਕ ਭਲਾਈ ਸਕੀਮਾਂ ਤੋਂ ਜਾਣੂ ਕਰਵਾਉਣ ਲਈ ਅਹਿਮ ਸਾਬਤ ਹੁੰਦੀ ਹੈ।
ਇਸ ਦੌਰਾਨ ਹਲਕਾ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਸਟਾਲਾਂ 'ਤੇ ਜਾ ਕੇ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕੀਤੀ ਅਤੇ ਵਿਭਾਗਾਂ ਦੇ ਕੰਮਕਾਜ ਦੀ ਸ਼ਲਾਘਾ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਦਰਸ਼ਨੀ ਰਾਹੀਂ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਗ਼ੈਰ ਸਰਕਾਰੀ ਅਦਾਰਿਆਂ ਵੱਲੋਂ ਲੋਕ ਭਲਾਈ ਦੀਆਂ ਸਕੀਮਾਂ ਸਮੇਤ ਉਨਤ ਖੇਤੀ ਲਈ ਈਜਾਦ ਹੋਈਆਂ ਨਵੀਂਆਂ ਤਕਨੀਕਾਂ ਤੇ ਨਵੀਂ ਮਸ਼ੀਨਰੀ ਬਾਰੇ ਇੱਥੇ ਪੁੱਜਣ ਵਾਲਿਆਂ ਨੂੰ ਜਾਣੂ ਕਰਵਾਇਆ ਜਾਂਦਾ ਹੈ। ਪੰਜਾਬ ਸਰਕਾਰ ਸਾਰੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪੁੱਜਦਾ ਕਰਨ ਲਈ ਦਿਨ ਰਾਤ ਇਕ ਕਰ ਕੇ ਕੰਮ ਕਰ ਰਹੀ ਹੈ ਤੇ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਦੇਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਪ੍ਰਦਰਸ਼ਨੀ ਦੌਰਾਨ ਖੇਤੀਬਾੜੀ ਤੇ ਕਿਸਾਨ ਭਲਾਈ, ਮੱਛੀ ਪਾਲਣ, ਬਾਗਬਾਨੀ, ਡੇਅਰੀ ਵਿਕਾਸ, ਜਲ ਸਪਲਾਈ ਤੇ ਸੈਨੀਟੇਸ਼ਨ, ਸਿੱਖਿਆ ਵਿਭਾਗ, ਪਸ਼ੂ ਪਾਲਣ, ਪੇਡਾ, ਜੰਗਲਾਤ, ਸਹਿਕਾਰਤਾ, ਵੇਰਕਾ, ਮਾਰਕਫੈੱਡ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸਮੇਤ ਵੱਖ-ਵੱਖ ਬੈਂਕਾਂ ਅਤੇ ਹੋਰ ਪ੍ਰਾਈਵੇਟ ਅਦਾਰਿਆਂ ਨੇ ਇਸ ਵਿਸ਼ਾਲ ਵਿਕਾਸ ਪ੍ਰਦਰਸ਼ਨੀ ਮੌਕੇ ਆਪਣੇ ਸਟਾਲ ਲਗਾਏ ਅਤੇ ਆਮ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਲੋਕ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ