
ਸੁਨਾਮ/ ਚੀਮਾ ਮੰਡੀ, 25 ਦਸੰਬਰ (ਹਿੰ. ਸ.)। ਮਹਾਨ ਆਜ਼ਾਦੀ ਘੁਲਾਟੀਏ, ਅਣਖੀ ਸੂਰਮੇ ਤੇ ਸੁਨਾਮ ਦੀ ਧਰਤੀ 'ਤੇ ਜਨਮ ਲੈਣ ਵਾਲੇ ਸ਼ਹੀਦ ਊਧਮ ਸਿੰਘ, ਜਿਨ੍ਹਾਂ ਨੇ ਪੰਜਾਬੀਆਂ ਦੀ ਅਣਖ-ਗ਼ੈਰਤ ਦੀ ਮਸ਼ਾਲ 21 ਸਾਲ ਆਪਣੇ ਦਿਲ 'ਚ ਬਲ਼ਦੀ ਰੱਖੀ, ਨੂੰ ਪ੍ਰਣਾਮ ਹੈ। ਆਜ਼ਾਦੀ ਲਈ ਸ਼ਹੀਦੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਸ਼ਹੀਦਾਂ ਵੱਲੋਂ ਵਿਖਾਏ ਮਾਰਗ 'ਤੇ ਚੱਲ ਕੇ ਹੀ ਆਪਸੀ ਸਾਂਝ ਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਸਬੰਧੀ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਅਤੇ ਚੀਮਾ ਮੰਡੀ ਵਿਖੇ ਸ਼ਹੀਦ ਊਧਮ ਪਾਰਕ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਣ ਮੌਕੇ ਨਤਮਸਤਕ ਹੋਣ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਅਰੋੜਾ ਨੇ ਕਿਹਾ ਕਿ ਮਹਾਨ ਹਨ, ਉਹ ਮਾਵਾਂ ਜਿਨ੍ਹਾਂ ਨੇ ਅਜਿਹੇ ਯੋਧਿਆਂ ਨੂੰ ਜਨਮ ਦਿੱਤਾ ਅਤੇ ਇਨ੍ਹਾਂ ਮਹਾਨ ਯੋਧਿਆਂ ਵੱਲੋਂ ਪਾਏ ਗਏ ਪੂਰਨੇ ਸਾਡੀ ਨੌਜਵਾਨ ਪੀੜ੍ਹੀ ਲਈ ਹਮੇਸ਼ਾਂ ਪ੍ਰੇਰਨਾ ਸਰੋਤ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਉਹ ਬਹਾਦਰ ਸੂਰਮੇ ਸਨ, ਜਿਨ੍ਹਾਂ ਨੇ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲਿਆ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਅਰੋੜਾ ਨੇ ਕਿਹਾ ਕਿ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਹਾਨ ਸ਼ਹੀਦਾਂ ਦੇ ਵਿਖਾਏ ਰਸਤੇ 'ਤੇ ਚੱਲ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਕਰੀਏ। ਅੱਜ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਮਹਾਨ ਸ਼ਹੀਦਾਂ ਬਾਰੇ ਵੱਧ ਤੋਂ ਵੱਧ ਜਾਣੂ ਕਰਵਾਈਏ ਤਾਂ ਜੋ ਸਾਡੇ ਨੌਜਵਾਨ ਸਮਾਜਿਕ ਲਾਹਣਤਾਂ ਤੋਂ ਦੂਰ ਰਹਿ ਸਕਣ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਇੱਕ ਅਜਿਹਾ ਦੇਸ਼ ਹੈ ਜਿਥੇ ਕਿ ਵੱਖ-ਵੱਖ ਧਰਮਾਂ ਤੇ ਭਾਸ਼ਾਵਾਂ ਦੇ ਲੋਕ ਰਹਿੰਦੇ ਹਨ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਦੇਸ਼ 'ਤੇ ਕੋਈ ਭੀੜ ਪਈ ਤਾਂ ਸਾਰਿਆਂ ਨੇ ਇੱਕ ਜੁੱਟ ਹੋ ਕੇ ਦੁਸ਼ਮਣ ਦਾ ਟਾਕਰਾ ਕੀਤਾ।
ਪੰਜਾਬੀ ਹਮੇਸ਼ਾਂ ਆਪਣੀ ਬਹਾਦਰੀ ਲਈ ਜਾਣੇ ਜਾਂਦੇ ਰਹੇ ਹਨ ਅਤੇ ਆਜ਼ਾਦੀ ਦੀ ਲੜਾਈ ਵਿੱਚ ਵੀ ਪੰਜਾਬੀਆਂ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਜਿਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਉਹ ਸਾਡੇ ਮਹਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਹੀ ਦੇਣ ਹੈ। ਇਸ ਲਈ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਹਾਨ ਦੇਸ਼ ਭਗਤਾਂ ਨੂੰ ਹਮੇਸ਼ਾਂ ਯਾਦ ਰੱਖਦੇ ਹੋਏ ਉਨ੍ਹਾਂ ਵੱਲੋਂ ਦਿੱਤੇ ਏਕਤਾ ਦੇ ਸੰਦੇਸ਼ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ