
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਦਸੰਬਰ (ਹਿੰ. ਸ.)। ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਫੇਸ 3ਬੀ2, ਮੋਹਾਲੀ ਦੀ ਮਾਰਕੀਟ ਵਿੱਚ ਪਾਰਕਿੰਗ ਏਰੀਆ ਅੰਦਰ ਅਣਅਧਿਕਾਰਤ ਤੌਰ ’ਤੇ ਲੱਗ ਰਹੀਆਂ ਰੇਹੜੀਆਂ–ਫੜੀਆਂ ਦੇ ਖਿਲਾਫ ਦੁਕਾਨਦਾਰਾਂ ਵੱਲੋਂ ਲਗਾਏ ਜਾ ਰਹੇ ਧਰਨੇ ਵਾਲੇ ਸਥਾਨ ’ਤੇ ਪਹੁੰਚ, ਧਰਨਾ ਦੇ ਰਹੇ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਸਥਿਤੀ ਨੂੰ ਸ਼ਾਂਤ ਕੀਤਾ।
ਉਨ੍ਹਾਂ ਵੱਲੋਂ ਇਸ ਮੌਕੇ ਸਹਾਇਕ ਕਮਿਸ਼ਨਰ, ਨਗਰ ਨਿਗਮ ਮੋਹਾਲੀ ਮਨਪ੍ਰੀਤ ਸਿੰਘ ਨੂੰ ਮੌਕੇ ’ਤੇ ਬੁਲਾਇਆ ਗਿਆ, ਜਿਨ੍ਹਾਂ ਦੀ ਹਾਜ਼ਰੀ ਵਿੱਚ ਮਸਲੇ ਦਾ ਤੁਰੰਤ ਹੱਲ ਕਰਵਾਇਆ ਗਿਆ। ਮਾਮਲੇ ਦੇ ਨਿਪਟਾਰੇ ਉਪਰੰਤ ਧਰਨਾ ਖਤਮ ਕਰਵਾਇਆ ਗਿਆ ਅਤੇ ਮਾਰਕੀਟ ਨੂੰ ਦੁਬਾਰਾ ਖੁਲ੍ਹਵਾਇਆ ਗਿਆ।
ਵਿਨੀਤ ਵਰਮਾ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਪਾਰਕਿੰਗ ਏਰੀਆ ਵਿੱਚ ਲੱਗ ਰਹੀਆਂ ਅਣਅਧਿਕਾਰਤ ਰੇਹੜੀਆਂ–ਫੜੀਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ, ਤਾਂ ਜੋ ਮਾਰਕੀਟ ਦੀ ਸੁਚੱਜੀ ਕਾਰਗੁਜ਼ਾਰੀ ਅਤੇ ਵਪਾਰ ’ਤੇ ਕੋਈ ਮਾੜਾ ਅਸਰ ਨਾ ਪਵੇ।
ਇਸ ਮੌਕੇ ਮਾਰਕੀਟ ਕਮੇਟੀ ਮੋਹਾਲੀ ਦੇ ਚੇਅਰਮੈਨ ਗੋਵਿੰਦਰ ਮਿੱਤਲ, ਮਾਰਕੀਟ ਦੇ ਪ੍ਰਧਾਨ ਅਕਵਿੰਦਰ ਸਿੰਘ ਗੋਸਲ ਅਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਅਮਿਤ ਜੈਨ ਵੀ ਮੌਜੂਦ ਰਹੇ।
ਵਿਨੀਤ ਵਰਮਾ ਨੇ ਕਿਹਾ ਕਿ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਵਪਾਰੀਆਂ ਨਾਲ ਜੁੜੇ ਮਸਲਿਆਂ ਦਾ ਹੱਲ ਸਹਿਮਤੀ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਕਰਵਾਉਣਾ ਕਮਿਸ਼ਨ ਦੀ ਮੁੱਢਲੀ ਜ਼ਿੰਮੇਵਾਰੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ