
ਨਵੀਂ ਦਿੱਲੀ, 26 ਦਸੰਬਰ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵੀਰ ਬਾਲ ਦਿਵਸ ਦੇ ਮੌਕੇ 'ਤੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਨਾਲ ਯਾਦ ਕੀਤਾ। ਉਨ੍ਹਾਂ ਕਿਹਾ ਕਿ ਵੀਰ ਬਾਲ ਦਿਵਸ ਸਾਹਿਬਜ਼ਾਦਿਆਂ ਦੀ ਹਿੰਮਤ, ਕੁਰਬਾਨੀ ਅਤੇ ਬਲੀਦਾਨ ਨੂੰ ਯਾਦ ਕਰਨ ਦਾ ਦਿਨ ਹੈ।
ਪ੍ਰਧਾਨ ਮੰਤਰੀ ਨੇ ‘ਐਕਸ’ 'ਤੇ ਸਾਂਝੇ ਕੀਤੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਹ ਮੌਕਾ ਮਾਤਾ ਗੁਜਰੀ ਜੀ ਦੀ ਅਟੁੱਟ ਆਸਥਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਅਮਰ ਸਿੱਖਿਆਵਾਂ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ਵੀਰ ਬਾਲ ਦਿਵਸ ਹਿੰਮਤ, ਦ੍ਰਿੜਤਾ ਅਤੇ ਧਾਰਮਿਕਤਾ ਨਾਲ ਜੁੜਿਆ ਦਿਨ ਹੈ।
ਮੋਦੀ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੇ ਜੀਵਨ ਅਤੇ ਆਦਰਸ਼ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਉਨ੍ਹਾਂ ਦੇਸ਼ ਵਾਸੀਆਂ ਨੂੰ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾ ਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਜ਼ਿਕਰਯੋਗ ਹੈ ਕਿ ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਸਨ। ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ 1705 ਵਿੱਚ ਚਮਕੌਰ ਦੀ ਲੜਾਈ ਵਿੱਚ ਮੁਗਲ ਫੌਜ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ। ਉੱਥੇ ਹੀ, ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਇਸਲਾਮ ਧਰਮ ਅਪਣਾਉਣ ਤੋਂ ਇਨਕਾਰ ਕਰਨ 'ਤੇ ਸਰਹਿੰਦ ਵਿੱਚ ਦੀਵਾਰ ’ਚ ਜ਼ਿੰਦਾ ਚਿਣਵਾ ਦਿੱਤਾ ਗਿਆ ਸੀ। ਮਾਤਾ ਗੁਜਰੀ ਜੀ ਨੇ ਵੀ ਇਸ ਦੁੱਖ ਦੇ ਵਿਚਕਾਰ ਆਪਣੇ ਸੁਆਸ ਤਿਆਗ ਦਿੱਤੇ। ਸਾਹਿਬਜ਼ਾਦਿਆਂ ਦੀ ਇਸ ਮਹਾਨ ਕੁਰਬਾਨੀ ਨੂੰ ਭਾਰਤੀ ਇਤਿਹਾਸ ਵਿੱਚ ਧਰਮ, ਸੱਚ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਰੱਖਿਆ ਦੀ ਵਿਲੱਖਣ ਉਦਾਹਰਣ ਵਜੋਂ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਬਹਾਦਰੀ, ਕੁਰਬਾਨੀ ਅਤੇ ਅਟੁੱਟ ਆਸਥਾ ਦਾ ਸਨਮਾਨ ਕਰਨ ਲਈ ਹਰ ਸਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਇਆ ਜਾਂਦਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ