
ਬਟਾਲਾ, 26 ਦਸੰਬਰ (ਹਿੰ. ਸ.)। ਭਾਰਤ ਵਿੱਚ ਵਿਰਾਸਤ ਸੰਭਾਲ ਦੇ ਖੇਤਰ ਵਿੱਚ ਕੰਮ ਕਰ ਰਹੀ ਸਭ ਤੋਂ ਵੱਡੀ ਸੰਸਥਾ ਇੰਡੀਅਨ ਨੈਸ਼ਨਲ ਟ੍ਰਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਦੀ ਪੰਜਾਬ ਇਕਾਈ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਚੈਪਟਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਇਸ ਸਬੰਧੀ ਬਟਾਲਾ ਦੇ ਆਰਡੀ ਖੋਸਲਾ ਡੀ.ਏ.ਵੀ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਨਵੀਨਰ, ਇੰਟੈਕ, ਪੰਜਾਬ ਰਾਜ, ਮੇਜਰ ਜਨਰਲ ਬਲਵਿੰਦਰ ਸਿੰਘ ਵੀ.ਐਸ.ਐਮ (ਸੇਵਾਮੁਕਤ) ਨੇ ਇੰਟੈਕ ਦੇ ਜ਼ਿਲ੍ਹਾ ਗੁਰਦਾਸਪੁਰ ਚੈਪਟਰ ਦੀ ਸਮੂਹ ਮੈਂਬਰ ਸਾਹਿਬਾਨਾਂ ਅਤੇ ਮਹਿਮਾਨਾਂ ਦੀ ਹਾਜ਼ਰੀ ਵਿੱਚ ਰਸਮੀ ਸ਼ੁਰੂਆਤ ਕੀਤੀ।
ਮੇਜਰ ਜਨਰਲ ਬਲਵਿੰਦਰ ਸਿੰਘ ਵੀਐਸਐਮ (ਸੇਵਾਮੁਕਤ) ਕਨਵੀਨਰ, ਇੰਟੈਕ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੁਣ ਤੱਕ 12 ਚੈਪਟਰ ਸ਼ੁਰੂ ਹੋ ਚੁੱਕੇ ਹਨ ਅਤੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਚੈਪਟਰ ਦੀ ਸ਼ੁਰੂਆਤ ਨਾਲ ਇਸ ਅਤੀ ਮਹੱਤਵਪੂਰਨ ਵਿਰਾਸਤੀ ਅਤੇ ਇਤਿਹਾਸਿਕ ਮਹੱਤਾ ਵਾਲੇ ਜਿਲ੍ਹੇ ਵਿੱਚ ਇੰਟੈਕ ਵੱਲੋਂ ਕੁਦਰਤੀ ਸਰੋਤਾਂ ਦੀ ਸੰਭਾਲ, ਦਿੱਖ ਅਤੇ ਅਦਿੱਖ ਵਿਰਾਸਤੀ ਸੰਭਾਲ, ਕਿਸੇ ਵੀ ਵਿਰਾਸਤੀ ਇਮਾਰਤ ਅਤੇ ਵਿਰਾਸਤੀ ਮਹੱਤਵ ਵਾਲੀ ਕਿਸੇ ਵੀ ਕਲਾ, ਕਲਾਕ੍ਰਿਤ, ਅਲੋਪ ਹੋ ਰਹੀਆਂ ਕਲਾਵਾਂ, ਸੰਵੇਦਨਸ਼ੀਲ ਜਾਂ ਖਤਰੇ ਵਿੱਚ ਪਈਆਂ ਕਲਾਵਾਂ ਅਤੇ ਹੁਨਰ ਦੀ ਸੰਭਾਲ, ਪ੍ਰਫੁੱਲਤ ਕਰਨ ਅਤੇ ਸਕੂਲਾਂ ਕਾਲਜਾਂ ਅਤੇ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਆਪਣੀ ਮਹਾਨ ਵਿਰਾਸਤ ਤੋਂ ਜਾਣੂ ਕਰਾਉਣ ਅਤੇ ਇਸ ਦੀ ਸੰਭਾਲ ਲਈ ਪ੍ਰੇਰਿਤ ਕਰਨ ਦੇ ਨਾਲ ਵਿਦਿਆਰਥੀਆਂ ਲਈ ਕਈ ਵਿਰਾਸਤ ਅਧਾਰਤ ਮੁਕਾਬਲਿਆਂ ਦਾ ਸੰਚਾਲਨ ਸ਼ੁਰੂ ਹੋਵੇਗਾ।
ਉਹਨਾਂ ਕਿਹਾ ਕਿ ਸਾਡੇ ਸਾਰਿਆਂ ਦੀ ਇਹ ਸਾਂਝੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਆਪਣੇ ਆਲੇ ਦੁਆਲੇ ਮੌਜੂਦ ਛੋਟੀ ਤੋਂ ਛੋਟੀ ਤੇ ਵੱਡੀ ਹਰ ਤਰ੍ਹਾਂ ਦੀ ਵਿਰਾਸਤ ਪ੍ਰਤੀ ਸੁਚੇਤ ਹੋਈਏ ਅਤੇ ਇਸ ਦੀ ਸੰਭਾਲ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਨਾਲ ਆਪਣਾ ਬਣਦਾ ਯੋਗਦਾਨ ਵੀ ਪਾਈਏ ਅਤੇ ਆਪਣੀ ਅਗਲੀ ਪੀੜੀ ਨੂੰ ਮਹਾਨ ਵਿਰਾਸਤਾਂ ਦੀ ਸੰਭਾਲ ਪ੍ਰਤੀ ਸਮੇਂ ਤੋਂ ਪਹਿਲਾਂ ਜਾਗਰੂਕ ਕਰੀਏ ।
ਉਹਨਾਂ ਦੱਸਿਆ ਕਿ ਇੰਟੈਕ, ਪੰਜਾਬ ਨੇ ਵੱਖ-ਵੱਖ ਜ਼ਿਲ੍ਹਾ ਚੈਪਟਰਾਂ ਰਾਹੀਂ ਇਸ ਵੇਲੇ ਹਰੇਕ ਤਰ੍ਹਾਂ ਦੀ ਵਿਰਾਸਤ ਸੰਭਾਲ ਦੇ ਵੱਖ-ਵੱਖ ਪ੍ਰੋਜੈਕਟਾਂ ਉੱਪਰ ਸਭ ਸੰਬੰਧਤ ਧਿਰਾਂ ਦੇ ਸਹਿਯੋਗ ਨਾਲ ਕੰਮ ਸ਼ੁਰੂ ਕੀਤਾ ਹੈ।
ਗੁਰਦਾਸਪੁਰ ਜ਼ਿਲ੍ਹਾ ਚੈਪਟਰ ਦੇ ਕਨਵੀਨਰ ਦੀ ਜ਼ਿੰਮੇਵਾਰੀ ਹਰਪ੍ਰੀਤ ਸਿੰਘ ਭੱਟੀ ਅਤੇ ਕੋ ਕਨਵੀਨਰ ਦੀ ਜ਼ਿੰਮੇਵਾਰੀ ਹਰਮਨਪ੍ਰੀਤ ਸਿੰਘ ਬਾਠ ਨੂੰ ਸੌਂਪੀ ਗਈ ਹੈ ਜੋ ਗੁਰਦਾਸਪੁਰ ਜਿਲ੍ਹੇ ਦੇ ਸਮੂਹ ਸਨਮਾਨਯੋਗ ਇੰਟੈਕ ਮੈਂਬਰਾਂ ਦੇ ਸਹਿਯੋਗ ਨਾਲ ਸਵੈਇੱਛਤ ਸੇਵਾਵਾਂ ਨਿਭਾਉਂਦੇ ਹੋਏ ਵਿਰਾਸਤ ਸੰਭਾਲ ਦੇ ਕਾਰਜ ਨੂੰ ਅੱਗੇ ਵਧਾਉਣਗੇ। ਸਮਾਗਮ ਦੀ ਸ਼ੁਰੂਆਤ ਸ਼ਹੀਦੀ ਹਫਤੇ ਨੂੰ ਸਮਰਪਿਤ ਕਰਦਿਆਂ ਮਾਨਯੋਗ ਮੇਜਰ ਜਨਰਲ ਦੀ ਯੋਗ ਅਗਵਾਈ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆ ਸ਼ਰਧਾ ਦੇ ਫੁੱਲ ਭੇਂਟ ਕਰ ਕੇ ਕੀਤੀ ਗਈ।
ਉਪਰੰਤ ਸਕੂਲ ਪ੍ਰਿੰਸੀਪਲ ਡਾਕਟਰ ਬਿੰਦੂ ਭੱਲਾ ਦਾ ਸਵਾਗਤੀ ਭਾਸ਼ਣ ਅਕਾਸ਼ ਜੀ ਵੱਲੋਂ ਪੜਿਆ ਗਿਆ ਅਤੇ ਇੰਟੈਕ ਦੇ ਕੰਮਾਂ ਬਾਰੇ ਮੁਢਲੀ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਮੌਕੇ ਹਰਪ੍ਰੀਤ ਸਿੰਘ ਭੱਟੀ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸ ਅਤੇ ਵਿਰਾਸਤ ਬਾਰੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਗਈ। ਸਮਾਗਮ ਵਿੱਚ ਪਿੰਡ ਸਰਵਾਲੀ, ਤਹਿਸੀਲ ਬਟਾਲਾ ਦੇ ਜੰਮਪਲ ਸਿਡਨੀ, ਆਸਟਰੇਲੀਆ ਨਿਵਾਸੀ ਮੰਨੇ ਪ੍ਰਮੰਨੇ ਲੋਕ ਗਾਇਕ ਦੇਵਿੰਦਰ ਧਾਰੀਆ ਵੱਲੋਂ ਉਸਤਾਦ ਸ੍ਰੀ ਲਾਲ ਚੰਦ ਜਮਲਾ ਜੱਟ ਜੀ ਦੇ ਗਾਏ ਲੋਕ ਗੀਤ ਪੇਸ਼ ਕੀਤੇ ਗਏ। ਆਰਡੀ ਖੋਸਲਾ ਡੀਏਵੀ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਦੇ ਅਧਿਆਪਕਾਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਅਤੇ ਪੰਜਾਬ ਫੋਕ ਆਰਟ ਸੈਂਟਰ ਗੁਰਦਾਸਪੁਰ ਦੀ ਟੀਮ ਵੱਲੋਂ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ