
ਫਰੀਦਕੋਟ, 26 ਦਸੰਬਰ (ਹਿੰ. ਸ.)। ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ (ਪੀ.ਪੀ.ਸੀ.ਬੀ.) ਦੇ ਰੀਜਨਲ ਦਫ਼ਤਰ ਫਰੀਦਕੋਟ ਵੱਲੋਂ ਇੰਜੀ. ਰਵੀਦੀਪ ਸਿੰਗਲਾ, ਵਾਤਾਵਰਣ ਇੰਜੀਨੀਅਰ; ਐੱਸ.ਡੀ.ਓ. ਬਿਕਰਮਜੀਤ ਸਿੰਘ ਅਤੇ ਇੰਜੀ. ਰਣਜੀਤ ਸਿੰਘ, ਜੂਨੀਅਰ ਵਾਤਾਵਰਣ ਇੰਜੀਨੀਅਰ ਦੀ ਰਹਿਨੁਮਾਈ ਹੇਠ ਠੋਸ ਕੂੜਾ ਸਾੜਨ ਤੋਂ ਰੋਕਣ ਸਬੰਧੀ ਨਗਰ ਕੌਂਸਲ ਫ਼ਰੀਦਕੋਟ ਅਧੀਨ ਸਾਰੇ ਸਫਾਈ ਸੇਵਕਾਂ ਲਈ ਇੱਕ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਠੋਸ ਕੂੜਾ ਸਾੜਨ ਨਾਲ ਵਾਤਾਵਰਣ ਅਤੇ ਮਨੁੱਖੀ ਸਿਹਤ ‘ਤੇ ਪੈਣ ਵਾਲੇ ਨੁਕਸਾਨਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਠੋਸ ਕੂੜਾ ਪ੍ਰਬੰਧਨ ਦੀਆਂ ਟਿਕਾਊ ਪ੍ਰਥਾਵਾਂ ਨੂੰ ਪ੍ਰੋਤਸਾਹਿਤ ਕਰਨਾ ਸੀ।
ਇਸ ਮੌਕੇ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਪਟਿਆਲਾ ਤੋਂ ਗੁੱਡ ਗਵਰਨੈਂਸ ਫੈਲੋ ਸ਼੍ਰੀ ਸ਼ੇਖ ਮੁਜ਼ੀਦ ਵੱਲੋਂ ਟ੍ਰੇਨਿੰਗ ਦਿੱਤੀ ਗਈ। ਉਨ੍ਹਾਂ ਨੇ ਹਾਜ਼ਰੀਨ ਨੂੰ ਵਾਤਾਵਰਣੀ ਕਾਨੂੰਨਾਂ, ਠੋਸ ਕੂੜਾ ਪ੍ਰਬੰਧਨ ਦੀਆਂ ਸਰਵੋਤਮ ਪ੍ਰਥਾਵਾਂ ਅਤੇ ਖੁੱਲ੍ਹੇ ਤੌਰ ‘ਤੇ ਕੂੜਾ ਸਾੜਨ ਤੋਂ ਰੋਕਣ ਵਿੱਚ ਆਦਿ ਦੀ ਭੂਮਿਕਾ ਬਾਰੇ ਜਾਣੂ ਕਰਵਾਇਆ।
ਉਨ੍ਹਾਂ ਵਾਤਾਵਰਣ ਦੇ ਨਿਯਮਾਂ ਦੀ ਕੜੀ ਪਾਲਣਾ ਕਰਨ ਅਤੇ ਸਾਫ਼-ਸੁਥਰੇ ਤੇ ਪ੍ਰਦੂਸ਼ਣ-ਰਹਿਤ ਵਾਤਾਵਰਣ ਲਈ ਸਾਂਝੇ ਉਪਰਾਲਿਆਂ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਅਤੇ ਸਮਰੱਥਾ ਵਿਕਾਸ ਪ੍ਰੋਗਰਾਮ ਜਾਰੀ ਰਹਿਣਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ