ਮਾਪਿਆਂ ਨੂੰ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਰਾਹੀਂ ਆਪਣੀ ਵਿਰਾਸਤ ਨਾਲ ਜੋੜਣਾ ਚਾਹੀਦਾ : ਵਿਧਾਇਕ ਕੁਲਵੰਤ ਸਿੰਘ
ਚੰਡੀਗੜ੍ਹ 27 ਦਸੰਬਰ (ਹਿੰ. ਸ.)। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਕੌਰ ਜੀ ਦੀ ਸਰਵੋਚ ਕੁਰਬਾਨੀ ਨੂੰ ਸਮਰਪਿਤ, ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਗੱਤਕਾ ਐਸੋਸੀਏਸ਼ਨ ਅਤੇ ਸਰਬ ਸਾਂਝਾ ਵੈਲਫੇਅਰ ਸੋਸਾਇਟੀ ਵੱਲੋਂ ਆਯੋਜਿਤ ਦੂਜੇ ਜ਼ਿਲ੍ਹਾ ਗਤਕਾ ਟੂਰਨਾਮੈਂਟ ਦੌਰਾਨ ਰਵਾਇਤੀ ਮਾਰਸ਼ਲ ਆਰਟ ਦੇ ਬੜੇ ਹੀ ਰੋਮਾਂ
ਗੱਤਕਾ ਐਸੋਸੀਏਸ਼ਨ ਅਤੇ ਸਰਬ ਸਾਂਝਾ ਵੈਲਫੇਅਰ ਸੋਸਾਇਟੀ ਵੱਲੋਂ ਆਯੋਜਿਤ ਦੂਜੇ ਜ਼ਿਲ੍ਹਾ ਗਤਕਾ ਟੂਰਨਾਮੈਂਟ ਦੌਰਾਨ ਹਲਕਾ ਵਿਧਾਇਕ.


ਚੰਡੀਗੜ੍ਹ 27 ਦਸੰਬਰ (ਹਿੰ. ਸ.)। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਕੌਰ ਜੀ ਦੀ ਸਰਵੋਚ ਕੁਰਬਾਨੀ ਨੂੰ ਸਮਰਪਿਤ, ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਗੱਤਕਾ ਐਸੋਸੀਏਸ਼ਨ ਅਤੇ ਸਰਬ ਸਾਂਝਾ ਵੈਲਫੇਅਰ ਸੋਸਾਇਟੀ ਵੱਲੋਂ ਆਯੋਜਿਤ ਦੂਜੇ ਜ਼ਿਲ੍ਹਾ ਗਤਕਾ ਟੂਰਨਾਮੈਂਟ ਦੌਰਾਨ ਰਵਾਇਤੀ ਮਾਰਸ਼ਲ ਆਰਟ ਦੇ ਬੜੇ ਹੀ ਰੋਮਾਂਚਕ ਅਤੇ ਕਾਫ਼ੀ ਨਜ਼ਦੀਕੀ ਮੁਕਾਬਲੇ ਵੇਖਣ ਨੂੰ ਮਿਲੇ। ਇਹ ਪ੍ਰੰਪਰਾਗਤ ਟੂਰਨਾਮੈਂਟ ਗੁਰਦੁਆਰਾ ਨਾਨਕ ਦਰਬਾਰ, ਸੈਕਟਰ–91 ਨੇੜੇ ਸਥਿਤ ਮੈਦਾਨ ਵਿੱਚ ਪੰਜਾਬ ਗਤਕਾ ਐਸੋਸੀਏਸ਼ਨ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ, ਜਿਸ ਵਿੱਚ ਖਾਲਸਾ ਸੇਵਾ ਦਲ ਗਤਕਾ ਅਖਾੜਾ, ਮੋਹਾਲੀ ਨੇ ਪਹਿਲਾ ਸਥਾਨ ਹਾਸਲ ਕੀਤਾ। ਮਿਸਲ ਸ਼ਹੀਦਾਂ ਗਤਕਾ ਅਖਾੜਾ ਦੂਜੇ ਸਥਾਨ ’ਤੇ ਰਿਹਾ, ਜਦਕਿ ਮਾਤਾ ਸਾਹਿਬ ਦੇਵਾ ਗਤਕਾ ਅਖਾੜਾ (ਲੜਕੀਆਂ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਲੜਕੀਆਂ ਦੀ ਸੋਟੀ–ਫਰੀ (ਵਿਅਕਤੀਗਤ) ਸ਼੍ਰੇਣੀ ਵਿੱਚ ਇਸਪ੍ਰੀਤ ਕੌਰ ਨੇ ਪਹਿਲਾ ਅਤੇ ਹਰਮਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਇਵੈਂਟ ਦੀ ਲੜਕਿਆਂ ਦੀ ਸ਼੍ਰੇਣੀ ਵਿੱਚ ਇੰਦਰਜੀਤ ਸਿੰਘ ਪਹਿਲੇ ਅਤੇ ਬਾਘੇਲ ਸਿੰਘ ਦੂਜੇ ਸਥਾਨ ’ਤੇ ਰਹੇ।

ਇਸ ਸਮਾਗਮ ਦੇ ਅੰਤਿਮ ਮੁਕਾਬਲੇ ਦਾ ਰਸਮੀ ਉਦਘਾਟਨ ਵਿਧਾਇਕ ਕੁਲਵੰਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਵਿਸ਼ਵ ਗਤਕਾ ਫੈਡਰੇਸ਼ਨ ਦੇ ਡਾਇਰੈਕਟੋਰੇਟ ਆਫ਼ ਇੰਟਰਨੈਸ਼ਨਲ ਅਫੇਅਰਜ਼ ਦੇ ਚੇਅਰਮੈਨ ਫੂਲ ਰਾਜ ਸਿੰਘ, ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਅਤੇ ਆਯੋਜਕ ਸੰਸਥਾ ਦੇ ਅਹੁਦੇਦਾਰ ਵੀ ਮੌਜੂਦ ਸਨ।

ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਨੂੰ ਯਾਦ ਕਰਦਿਆਂ ਸੰਗਤ ਨੂੰ ਗੁਰੂ ਸਾਹਿਬ ਵੱਲੋਂ ਦਿਖਾਏ ਮਾਰਗ ’ਤੇ ਚੱਲਣ, ਸਿੱਖੀ ਅਤੇ ਸਿੱਖ ਵਿਰਾਸਤ ਦੀ ਸੰਭਾਲ ਕਰਨ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਨੂੰ ਜੀਵੰਤ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਮਾਪਿਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਸਭਿਆਚਾਰ ਨਾਲ ਹੋਰ ਗਹਿਰਾਈ ਨਾਲ ਜਾਣੂ ਕਰਵਾਉਣ। ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਲਈ ਧਾਰਮਿਕ ਅਤੇ ਸੱਭਿਆਚਾਰਕ ਮੁਕਾਬਲੇ ਕਰਵਾਉਣ ਦੀ ਸੰਸਥਾ ਦੀ ਪਹਲ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਅਗਲੇ ਸਾਲ ਹੋਰ ਵੱਧ ਬੱਚਿਆਂ ਨੂੰ ਇਨ੍ਹਾਂ ਗਤੀਵਿਧੀਆਂ ਨਾਲ ਜੋੜਨ ਦੀ ਅਪੀਲ ਕੀਤੀ।

ਵਿਸਥਾਰ ਸਾਂਝੇ ਕਰਦਿਆਂ, ਸੋਸਾਇਟੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਫੂਲ ਰਾਜ ਸਿੰਘ ਨੇ ਦੱਸਿਆ ਕਿ ਸਾਲਾਨਾ ਟੂਰਨਾਮੈਂਟ ਦੌਰਾਨ ਨੌਂ ਜ਼ਿਲ੍ਹਿਆਂ ਦੀਆਂ ਗਤਕਾ ਟੀਮਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਯੋਧਾ ਕਲਾਂ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਸ ਵਿਰਾਸਤੀ ਖੇਡ ਨੂੰ ਵਿਦੇਸ਼ਾਂ ਵਿੱਚ ਪ੍ਰਚਲਿਤ ਕਰਨ, ਬੱਚਿਆਂ ਦੀ ਸਿੱਖ ਪਹਿਚਾਣ ਅਤੇ ਪਹਿਰਾਵੇ ਨਾਲ ਸਾਂਝ ਮਜ਼ਬੂਤ ਕਰਨ ਅਤੇ ਹੋਰ ਗਤਕਾ ਟੀਮਾਂ ਤਿਆਰ ਕਰਨ ਲਈ ਕਈ ਦੇਸ਼ਾਂ ਵਿੱਚ ਗਤਕਾ ਫੈਡਰੇਸ਼ਨ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਲਦੀ ਹੀ ਗੁਰਦੁਆਰਾ ਨਾਨਕ ਦਰਬਾਰ ਵਿਖੇ ਇੱਕ ਪੂਰਾ ਗਤਕਾ ਅਖਾੜਾ ਤਜਰਬੇਕਾਰ ਕੋਚ ਦੀ ਅਗਵਾਈ ਹੇਠ ਸ਼ੁਰੂ ਕੀਤਾ ਜਾਵੇਗਾ।

ਗਤਕਾ ਪ੍ਰਚਾਰਕ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਖੇਡ ਦੀ ਮਹੱਤਤਾ ’ਤੇ ਰੋਸ਼ਨੀ ਪਾਉਂਦਿਆਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਬਖ਼ਸ਼ੀ ਗਈ ਸ਼ਸਤਰ ਵਿਦਿਆ ਵਿੱਚ ਸਟੰਟਬਾਜ਼ੀ ਜਾਂ ਦਿਖਾਵੇਬਾਜ਼ੀ ਦੀ ਕੋਈ ਥਾਂ ਨਹੀਂ ਹੈ ਅਤੇ ਉਨ੍ਹਾਂ ਸਾਰੇ ਗਤਕਾ ਅਖਾੜਿਆਂ ਅਤੇ ਖਿਡਾਰੀਆਂ ਨੂੰ ਅਜਿਹੀਆਂ ਪ੍ਰਥਾਵਾਂ ਤੋਂ ਸਖ਼ਤੀ ਨਾਲ ਦੂਰ ਰਹਿਣ ਦੀ ਅਪੀਲ ਕੀਤੀ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande